
ਵਾਤਾਵਰਣ, ਸਿਖਿਆ ਤੇ ਸੁਤੰਤਰਤਾ ਸੰਗਰਾਮੀ ਭਲਾਈ ਮੰਤਰੀ ਓ.ਪੀ. ਸੋਨੀ ਨੇ ਕਸਬਾ ਬਿਆਸ ਨੇੜੇ ਬਿਆਸ ਦਰਿਆ ਵਿਚ ਸੀਰਾ ਸੁੱਟਣ ਵਾਲੀ ਕੀੜੀ ਅਫ਼ਗਾਨਾ...
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਵਾਤਾਵਰਣ, ਸਿਖਿਆ ਤੇ ਸੁਤੰਤਰਤਾ ਸੰਗਰਾਮੀ ਭਲਾਈ ਮੰਤਰੀ ਓ.ਪੀ. ਸੋਨੀ ਨੇ ਕਸਬਾ ਬਿਆਸ ਨੇੜੇ ਬਿਆਸ ਦਰਿਆ ਵਿਚ ਸੀਰਾ ਸੁੱਟਣ ਵਾਲੀ ਕੀੜੀ ਅਫ਼ਗਾਨਾ ਦੀ ਚੱਢਾ ਸ਼ੂਗਰ ਮਿੱਲ ਸੀਲ ਕਰਨ ਅਤੇ ਮਿੱਲ ਦੀ 25 ਲੱਖ ਰੁਪਏ ਦੀ ਸਕਿਉਰਿਟੀ ਰਾਸ਼ੀ ਜ਼ਬਤ ਕਰਨ ਦਾ ਆਦੇਸ਼ ਦਿਤਾ ਹੈ। ਕੈਬਨਿਟ ਮੰਤਰੀ ਨੇ ਜਾਂਚ ਕਮੇਟੀ ਕਾਇਮ ਕਰ ਕੇ ਤਿੰਨ ਦਿਨਾਂ ਵਿਚ ਇਸ ਮਾਮਲੇ ਦੀ ਰੀਪੋਰਟ ਮੰਗੀ ਹੈ ਅਤੇ ਜਾਂਚ ਰੀਪੋਰਟ ਵਿਚ ਜੇ ਮਿੱਲ ਪ੍ਰਬੰਧਕ ਕਸੂਰਵਾਰ ਪਾਏ ਗਏ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੰਜਾਬ ਭਵਨ ਵਿਚ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਪੱਸ਼ਟ ਹਦਾਇਤ ਕੀਤੀ ਕਿ ਜੇ ਕਿਸੇ ਨਗਰ ਨਿਗਮ ਤੇ ਨਗਰ ਕੌਂਸਲ ਅਧੀਨ ਪੈਂਦੀਆਂ ਸਨਅਤਾਂ ਬਿਨਾਂ ਸਾਫ਼ ਕੀਤਾ ਪਾਣੀ ਨਾਲਿਆਂ ਜਾਂ ਦਰਿਆਵਾਂ ਵਿਚ ਸੁਟਦੀਆਂ ਪਾਈਆਂ ਗਈਆਂ ਤਾਂ ਉਨ੍ਹਾਂ ਵਿਰੁਧ ਸਖ਼ਤੀ ਹੋਵੇਗੀ।
Chadha Sugar Mill Sealed
ਮੰਤਰੀ ਨੇ ਪਰਾਲੀ ਤੇ ਕਣਕ ਦਾ ਨਾੜ ਫੂਕਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਸਖ਼ਤੀ ਵਰਤਣ ਵਾਸਤੇ ਆਖਿਆ। ਮੀਟਿੰਗ ਵਿਚ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ. ਰੌਸ਼ਨ ਸੁੰਕਾਰੀਆ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਵਿਭਾਗ ਦੀਆਂ ਪ੍ਰਾਪਤੀਆਂ ਤੇ ਨੇੜ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਪੇਸ਼ਕਾਰੀ ਵੀ ਦਿਤੀ।