
ਕੋਵਿਡ-19 ਦੇ 3 ਸੈਂਪਲ ਨੈਗੇਟਿਵ, 165 ਕੇਸਾਂ ਦੀ ਰਿਪੋਰਟ ਬਾਕੀ : ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ/ਕਸ਼ਮੀਰ ਸਿੰਘ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਫਲੂ ਕਾਰਨਰ ਤੇ ਕੋਵਿਡ-19 ਸਬੰਧੀ ਸੈਂਪਲ ਲਏ ਜਾ ਰਹੇ ਹਨ। ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਕੋਰੋਨਾ ਅੱਪਡੇਟਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਦੇ ਫਲੂ ਕਾਰਨਰਾਂ ਵਿਚ ਕੋਵਿਡ ਜਾਂਚ ਲਈ ਲਏ ਸੈਂਪਲਾ ਵਿਚੋਂ ਅੱਜ 3 ਸੈਂਪਲਾਂ ਦੀ ਰੀਪੋਰਟ ਕੋਵਿਡ ਨੇਗੈਟਿਵ ਆਈ ਹੈ। ਬਾਕੀ 165 ਸੈਂਪਲਾ ਦੀ ਰੀਪੋਰਟ ਆਉਣੀ ਬਾਕੀ ਹੈ । ਉਹਨਾਂ ਦਸਿਆਂ ਕਿ ਅੱਜ ਵੀ ਜ਼ਿਲ੍ਹੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਵਿਚ ਬਣਾਏ ਫਲ਼ੁ ਕਾਰਨਰਾਂ ਤੋਂ 74 ਸੈਂਪਲ ਕਰੋਨਾ ਜਾਂਚ ਲਈ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਤਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 1701 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸ ਵਿੱਚੋਂ 1470 ਦੀ ਰੀਪੋਰਟ ਨੈਗੇਟਿਵ ਅਤੇ 66 ਮਰੀਜ਼ ਪਾਜ਼ੇਟਿਵ ਆਏ ਸਨ, ਬਾਕੀ 165 ਕੇਸਾਂ ਦੀ ਰਿਪੋਰਟ ਬਾਕੀ ਹੈ। ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੂਰੀ ਤਨ ਦੇਹੀ ਅਤੇ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੀਆਂ ਹਦਾਇਤਾਂ ਦੀ ਪੂਰਨ ਤੌਰ ਉਤੇ ਪਾਲਣਾ ਕਰਨੀ ਚਾਹੀਦੀ ਹੈ। ਜ਼ਿਲ੍ਹੇ ਵਿਚ ਹੁਣ ਤਕ 66 ਕੇਸ ਪਾਜੇਟਿਵ ਆਏ ਹਨ, ਜਿਨ੍ਹਾਂ ਵਿਚੋਂ 50 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਬਾਕੀ 16 ਮਰੀਜ਼ ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਹਨ।
1
ਡਾ. ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆਂ ਕਿ ਜਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀ ਸਕਰੀਨਿੰਗ ਦਾ ਕੰਮ ਚੱਲ ਰਿਹਾ ਹੈ ਹੋਰ ਰਾਜਾਂ ਤੋਂ ਵੀ ਆਉਣ ਵਾਲੇ ਵਸਨੀਕਾ ਅਤੇ ਯਾਤਰੀਆਂ ਨੂੰ ਪੰਜਾਬ ਦੇ ਐਂਟਰੀ ਪੁਆਇੰਟ ਤੇ ਹੀ ਸਕਰੀਨਿੰਗ ਕਰਕੇ ਘਰਾਂ ਵਿਚ 14 ਦਿਨਾਂ ਲਈ ਕੁਆਰਨਟੀਨ ਕੀਤਾ ਜਾ ਰਿਹਾ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਨੀਂਦ ਪੂਰੀ ਲਵੋ, ਸਰੀਰਕ ਤੌਰ ਤੇ ਤੰਦਸਤ ਰਹੋ, ਬਹੁਤ ਸਾਰਾ ਕੋਸਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਉ।
ਆਲੇ ਦੁਆਲੇ ਦੀ ਸਫ਼ਾਈ ਰੱਖੋ, ਹੱਥ ਧੋ ਕੇ ਹੀ ਚਿਹਰੇ ਨੂੰ ਛੁਹੋ, ਸਿਹਤਮੰਦ ਜੀਵਣ ਸ਼ੈਲੀ ਅਪਨਾਉ ਅਤੇ ਵਾਰ ਵਾਰ ਹੱਥ ਧੋਵੋ। ਇਸ ਸਮੇਂ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੋਵਲ ਕੋਰੋਨਾ ਵਾਇਰਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਇਸ ਸਮੇਂ ਦੀਪਕ ਕੁਮਾਰ ਡੀ.ਪੀ.ਐਮ, ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਆਦਿ ਹਾਜ਼ਰ ਸਨ।