
ਬੰਗਾ 'ਚ ਏਐਸਆਈ ਅਮੀਰ ਸਿੰਘ ਰਾਣਾ ਉਰਫ ਭੋਲਾ ਦੀ ਅਪਣੀ ਰਿਵਾਲਵਰ ਵਿਚੋਂ ਗੋਲੀ ਚੱਲਣ ਨਾਲ ਮੌਤ ਹੋ ਗਈ।
ਬੰਗਾ, 18 ਮਈ (ਮਨਜਿੰਦਰ ਸਿੰਘ): ਬੰਗਾ 'ਚ ਏਐਸਆਈ ਅਮੀਰ ਸਿੰਘ ਰਾਣਾ ਉਰਫ ਭੋਲਾ ਦੀ ਅਪਣੀ ਰਿਵਾਲਵਰ ਵਿਚੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਅੱਜ ਤਕਰੀਬਨ 9.30 ਸਵੇਰੇ ਸਿਵਲ ਹਸਪਤਾਲ ਲਿਆਂਦੀ ਗਈ। ਥਾਣਾ ਮੁਖੀ ਬੰਗਾ ਸਿਟੀ ਹਰਪ੍ਰੀਤ ਸਿੰਘ ਦੇਹਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਏਐਸਆਈ ਭੋਲਾ ਸੋਤਰਾਂ ਰੋਡ ਬੰਗਾ 'ਚ ਰਹਿੰਦਾ ਸੀ ਅਤੇ ਮੁਕੰਦਪੁਰ ਵਿਖੇ ਤਾਇਨਾਤ ਸੀ। ਮੌਤ ਦਾ ਕਾਰਨ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਗ਼ਲਤੀ ਨਾਲ ਗੋਲੀ ਚਲਣਾ ਹੀ ਲੱਗ ਰਿਹਾ ਹੈ। ਪੁਰੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਪੜਤਾਲ ਤੋਂ ਬਾਅਦ ਹੀ ਦਿਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਢਲੇ ਹਾਲਾਤ ਅਨੁਸਾਰ ਆਤਮ ਹਤਿਆ ਵਾਲੀ ਕੋਈ ਗੱਲ ਨਹੀਂ ਲੱਗ ਰਹੀ ਅਤੇ ਪਰਵਾਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਐਸਐਮਓ ਕਵਿਤਾ ਭਾਟੀਆ ਦੇ ਦਸਿਆ ਕਿ ਜਦੋਂ ਏਐਸਆਈ ਨੂੰ ਹਸਪਤਾਲ ਲਿਆਂਦਾ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਸਿਰ 'ਤੇ ਵੀ ਸੱਟ ਹੈ। ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਵਾਰ ਨੂੰ ਸੌਂਪ ਦਿਤੀ ਗਈ ਅਤੇ ਸਸਕਾਰ ਕਰ ਦਿਤਾ ਗਿਆ। ਮੌਕੇ 'ਤੇ ਐਸਪੀ ਵਜ਼ੀਰ ਸਿੰਘ, ਥਾਣਾ ਮੁਖੀ ਬੰਗਾ ਸਦਰ ਰਾਜੀਵ ਕੁਮਾਰ ਅਤੇ ਥਾਣਾ ਮੁਖੀ ਮੁਕੰਦਪੁਰ ਪਵਨ ਕੁਮਾਰ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ।