
ਗੁਜਰਾਤ, ਮਹਾਰਾਸ਼ਟਰ ਸਮੇਤ 5 ਰਾਜਾਂ ਵਿਚ ਹੁਣ ਤਕ 27 ਲੋਕਾਂ ਦੀ ਮੌਤ.
ਨਵੀਂ ਦਿੱਲੀ, 18 ਮਈ : ਕਰਨਾਟਕ, ਕੇਰਲ, ਮਹਾਰਾਸ਼ਟਰ ਅਤੇ ਗੋਆ 'ਚ ਤਬਾਹੀ ਮਚਾਉਣ ਤੋਂ ਬਾਅਦ, ਅਰਬ ਸਾਗਰ ਤੋਂ ਉਠਿਆ ਚੱਕਰਵਾਤੀ ਤੂਫ਼ਾਨ ਤਾਉਤੇ ਬੀਤੀ ਰਾਤ ਗੁਜਰਾਤ ਪਹੁੰਚਿਆ | ਇਸ ਦੇ ਅਸਰ ਕਾਰਨ ਰਾਜ ਦੇ ਕਈ ਜ਼ਿਲਿ੍ਹਆਂ ਵਿਚ ਸੋਮਵਾਰ ਰਾਤ ਅਤੇ ਮੰਗਲਵਾਰ ਨੂੰ ਵੀ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲੀਆਂ | ਕਈ ਥਾਂ ਦਰੱਖ਼ਤ ਉਖੜ ਗਏ ਅਤੇ ਬਹੁਤ ਸਾਰੀਆਂ ਥਾਵਾਂ ਤੇ ਮਕਾਨ ਡਿੱਗ ਗਏ | ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਨਡੀਆਰਐਫ਼) ਦੇ ਡੀਜੀ ਐਸ ਐਨ ਪ੍ਰਧਾਨ ਦਾ ਕਹਿਣਾ ਹੈ ਕਿ ਤੂਫ਼ਾਨ ਦਾ ਸੱਭ ਤੋਂ ਭੈੜਾ ਪੜਾਅ ਲੰਘ ਗਿਆ ਹੈ |
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਕਿ ਤੂਫ਼ਾਨ ਕਾਰਨ ਰਾਜ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ | ਤੇਜ਼ ਹਵਾਵਾਂ ਕਾਰਨ 40,000 ਦਰੱਖਤ ਉਖੱੜ ਗਏ ਹਨ ਅਤੇ 16,500 ਕੱਚੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ | 2400 ਤੋਂ ਵੱਧ ਪਿੰਡਾਂ ਵਿਚ ਬਿਜਲੀ ਨਹੀਂ ਹੈ | 122 ਕੋਵਿਡ ਹਸਪਤਾਲਾਂ ਵਿਚ ਬਿਜਲੀ ਸਪਲਾਈ ਵਿਚ ਵੀ ਸਮੱਸਿਆ ਹੈ |
ਤਾਉਤੇ ਕਾਰਨ 3 ਦਿਨਾਂ ਵਿਚ ਹੁਣ ਤਕ 5 ਰਾਜਾਂ 'ਚ 27 ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ | ਇਨ੍ਹਾਂ ਵਿਚੋਂ ਮਹਾਰਾਸਟਰ 'ਚ ਸੱਭ ਤੋਂ ਵੱਧ 11 ਮੌਤਾਂ ਹੋਈਆਂ ਹਨ | ਇਨ੍ਹਾਂ ਵਿਚ ਰਾਏਗੜ ਜ਼ਿਲ੍ਹੇ ਦੇ 4, ਰਤਨਾਗਿਰੀ ਅਤੇ ਠਾਣੇ ਤੋਂ 2-2, ਸਿੰਧੂਦੁਰਗ ਅਤੇ ਧੂਲੇ ਜ਼ਿਲਿ੍ਹਆਂ ਤੋਂ 1-1 ਸ਼ਾਮਲ ਹਨ | ਇਸ ਤੋਂ ਇਲਾਵਾ ਮੁੰਬਈ ਦੇ ਮੀਰਾ ਰੋਡ ਖੇਤਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਹਾਰਾਸ਼ਟਰ ਦੇ 6 ਹਜ਼ਾਰ 349 ਤੋਂ ਵੱਧ ਪਿੰਡ ਤੂਫ਼ਾਨ ਨਾਲ ਪ੍ਰਭਾਵਤ ਹੋਏ ਹਨ | ਇਸ ਤੋਂ ਪਹਿਲਾਂ ਸੋਮਵਾਰ ਅਤੇ ਐਤਵਾਰ ਨੂੰ ਤੂਫ਼ਾਨ ਕਾਰਨ ਕਰਨਾਟਕ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ | ਉਸੇ ਸਮੇਂ, ਗੋਆ ਅਤੇ ਤਾਮਿਲਨਾਡੂ ਵਿਚ 2-2 ਲੋਕਾਂ ਦੀ ਮੌਤ ਹੋਈ ਸੀ | (ਏਜੰਸੀ)