
‘ਉੱਚਾ ਦਰ ਬਾਬੇ ਨਾਨਕ ਦਾ’ ਦੇ ਮੁੱਖ ਸਰਪ੍ਰਸਤ ਮੈਂਬਰ ਇੰਦਰਪਾਲ ਸਿੰਘ ਸਲੂਜਾ ਨੂੰ ਭੇਂਟ ਕੀਤੀ ਸ਼ਰਧਾਂਜਲੀ
ਨਵੀਂ ਦਿੱਲੀ, 18 ਮਈ (ਸਪੋਕਸਮੈਨ ਸਮਾਚਾਰ ਸੇਵਾ): ਸ. ਬਲਵਿੰਦਰ ਸਿੰਘ ਅੰਬਰਸਰੀਆ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਮੁੱਖ ਸਰਪ੍ਰਸਤ ਮੈਂਬਰ ਅਤ ਹੋਣਹਾਰ ਨੌਜਵਾਨ ਸ. ਇੰਦਰਪਾਲ ਸਿੰਘ ਸਲੂਜਾ ਦੀ ਅੰਤਮ ਅਰਦਾਸ ਮੌਕੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਸ. ਅੰਬਰਸਰੀਆ ਨੇ ਇੰਦਰਪਾਲ ਸਿੰਘ ਸਲੂਜਾ ਦੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਿਛੇ ਪ੍ਰਵਾਰ ਨੂੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸ. ਇੰਦਰਪਾਲ ਸਿੰਘ ਸਲੂਜਾ ਦਾ ‘ਉੱਚਾ ਦਰ...’ ਦੀ ਉਸਾਰੀ ਵਿਚ ਪਾਇਆ ਯੋਗਦਾਨ ਸਪੋਕਸਮੈਨ ਅਦਾਰਾ ਹਮੇਸ਼ਾ ਯਾਦ ਰੱਖੇਗਾ। ‘ਉੱਚਾ ਦਰ...’ ਦੀ ਦਿੱਲੀ ਇਕਾਈ ਇੰਦਰਪਾਲ ਸਿੰਘ ਸਲੂਜਾ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦੀ ਹੈ। ਅਦਾਰਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਇੰਦਰਪਾਲ ਸਿੰਘ ਸਲੂਜਾ ਦੀ ਅੰਤਮ ਅਰਦਾਸ ਤੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਪਣੀ ਹਮਦਰਦੀ ਪ੍ਰਗਟ ਕਰਦੇ ਹਨ।