
ਪਟਵਾਰੀ ਨੇ ਕਮਰੇ ਵਿਚ ਲੁਕ ਕੇ ਬਚਾਈ ਜਾਨ
Fazilka News: ਫਾਜ਼ਿਲਕਾ - ਫਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੱਟਮਾਰ ਅਤੇ ਘਰ 'ਚ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪਿੰਡ ਦੇ ਇੱਕ ਸੇਵਾਮੁਕਤ ਪਟਵਾਰੀ ਦੇ ਘਰ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਗਿਆ ਹੈ ਤੇ ਹਮਲਾ ਕਰ ਕੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਗਈ ਹੈ, ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਦੀ ਤੂੜੀ ਨੂੰ ਅੱਗ ਲਗਾਈ ਗਈ ਹੈ। ਓਧਰ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਸੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਪਟਵਾਰੀ ਦਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਉਨ੍ਹਾਂ ਦਾ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਜਿਸ 'ਤੇ ਅਦਾਲਤ ਵੱਲੋਂ ਸਟੇਅ ਲਗਾਇਆ ਗਿਆ ਹੈ, ਹੁਣ ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅੱਜ ਪਿੰਡ ਦੇ ਇਸੇ ਮੁਹੱਲੇ ਵਿੱਚ ਰਹਿੰਦੇ ਕੁਝ ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਭੰਨਤੋੜ ਕੀਤੀ, ਘਰ ਵਿੱਚੋਂ ਟਰੈਕਟਰ ਕੱਢ ਕੇ ਅੱਗ ਲਾ ਦਿੱਤੀ।
ਜਿਸ 'ਤੇ ਉਸ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰਕੇ ਆਪਣੀ ਜਾਨ ਬਚਾਈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਔਰਤ ਚੰਦੋਬਾਈ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਧੱਕਾ-ਮੁੱਕੀ ਨਹੀਂ ਕੀਤੀ ਗਈ ਹੈ ਬਿਨਾਂ ਕਿਸੇ ਕਾਰਨ ਦੇ ਦੋਸ਼ ਲਗਾਉਂਦੇ ਹੋਏ ਉਹ ਕਹਿੰਦਾ ਹੈ ਕਿ ਉਹਨਾਂ ਦੀ ਤੂੜੀ ਨੂੰ ਪਟਵਾਰੀ ਨੇ ਅੱਗ ਲਗਾ ਦਿੱਤੀ ਹੈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਮਿਲਖ ਰਾਜ ਨੇ ਦੱਸਿਆ ਕਿ ਉਹ ਇਕ ਸੇਵਾਮੁਕਤ ਪਟਵਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ 'ਤੇ ਇੱਥੇ ਪਹੁੰਚੇ ਸਨ। ਇੱਕ ਸੇਵਾਮੁਕਤ ਪਟਵਾਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਘਰ 'ਤੇ ਹਮਲਾ ਕੀਤਾ ਗਿਆ ਹੈ ਅਤੇ ਉਸ ਦੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਗਈ ਹੈ, ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।