
Punjab News : ਮਜੀਠਾ ਸ਼ਰਾਬ ਕਾਂਡ ਮੁੱਦੇ ’ਤੇ ਕੀਤੀ ਮੁਲਾਕਾਤ
Punjab BJP delegation led by Sunil Jakhar reaches Governor to meet him Latest news in Punjabi : ਚੰਡੀਗੜ੍ਹ : ਅੱਜ ਮਜੀਠਾ ਸ਼ਰਾਬ ਕਾਂਡ ਦੇ ਮੁੱਦੇ ’ਤੇ ਪੰਜਾਬ ਭਾਜਪਾ ਦਾ ਵਫ਼ਦ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਇਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ‘ਆਪ’ ਪਾਰਟੀ ’ਤੇ ਕਈ ਨਿਸ਼ਾਨੇ ਸਾਧੇ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਵਾਲਿਆਂ ਨੇ ਹਾਈਜੈਕ ਕਰ ਲਿਆ ਹੈ। ਪੰਜਾਬ ਸਰਕਾਰ ਦੀ ਅਗਵਾਈ ਸਿਸੋਦੀਆ ਤੇ ਗੁਪਤਾ ਵਰਗੇ ਨੇਤਾ ਕਰ ਰਹੇ ਹਨ।
ਸੁਨੀਲ ਜਾਖੜ ਨੇ ‘ਆਪ’ ਸਰਕਾਰ ਨੂੰ ਮਜੀਠਾ ਸ਼ਰਾਬ ਕਾਂਡ ਮੁੱਦੇ ’ਤੇ ਘੇਰਿਆ। ਉਨ੍ਹਾਂ ਕਿਹਾ ਪੰਜਾਬ ’ਚ ਹਾਲ ਹੀ ’ਚ ਇਕ ਮੰਦਭਾਗੀ ਘਟਨਾ ਹੋਈ। ਘਟਨਾ ਦੌਰਾਨ 27 ਮੌਤਾਂ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਕੋਈ ਠੇਕੇਦਾਰ, ਸਾਰਿਆਂ ਵਿਰੁਧ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਮਜੀਠਾ ਸ਼ਰਾਬ ਕਾਂਡ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਸ਼ਰਾਬ ਕਾਂਡ ਦੇ ਮੁਲਜ਼ਮਾਂ ਦੀ ਸਾਰੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ਼ਰਾਬ ਮਾਫ਼ੀਆ ਨਾਲ ‘ਆਪ’ ਪੰਜਾਬ ਲੀਡਰਸ਼ਿਪ ਦੇ ਸਬੰਧਾਂ ਦਾ ਈਡੀ ਨੂੰ ਪਰਦਾਫ਼ਾਸ਼ ਕਰਨਾ ਚਾਹੀਦਾ ਹੈ। ਦਿੱਲੀ ਐਕਸਾਈਜ਼ ਪਾਲਿਸੀ ਦੀ ਜਾਂਚ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਵਿਗੜ ਚੁੱਕੀ ਹੈ ਤੇ ਮਜੀਠਾ ਸ਼ਰਾਬ ਕਾਂਡ ਵਿਚ ਮੌਤਾਂ ਨਹੀਂ ਬਲਿਕ ਹੱਤਿਆਵਾਂ ਹੋਈਆਂ ਹਨ।