
ਗੁਣਵਤਾ ਦੀ ਘਾਟ ਵਾਲੇ ਫ਼ਰੂਟ ਅਤੇ ਹੋਰ ਵਸਤਾਂ ਕੀਤੀਆਂ ਨਸ਼ਟ
ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਲਾਇਸੰਸ ਬਣਾਉਣ ਲਈ ਕੀਤਾ ਜਾਗਰੂਕ
ਫ਼ਾਜ਼ਿਲਕਾ, 19 ਜੂਨ (ਅਨੇਜਾ): ਸਿਹਤ ਵਿਭਾਗ ਫਾਜ਼ਿਲਕਾ ਦੀ ਫ਼ੂਡ-ਸੇਫ਼ਟੀ ਟੀਮ ਵਲੋਂ ਜ਼ਿਲ੍ਹਾ ਵਾਸੀਆ ਨੂੰ ਮਿਆਰੀ ਖਾਦ ਪਦਾਰਥਾਂ ਅਤੇ ਵਸਤਾਂ ਮੁਹਈਆ ਕਰਵਾਉਣ ਦੇ ਮੰਤਵ ਨਾਲ ਰੇਹੜੀਆਂ, ਦੁਕਾਨਾਂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਫ਼ੂਡ ਸੇਫ਼ਟੀ ਅਫ਼ਸਰ ਗਗਨਦੀਪ ਕੌਰ ਨੇ ਫ਼ਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਵੱਖ-ਵੱਖ ਥਾਵਾਂ 'ਤੇ ਖਾਣਾ ਪੀਣ ਵਾਲੀਆਂ ਵਸਤਾਂ ਦੀ ਗੁਣਵਤਾ ਦੀ ਜਾਂਚ ਕਰਨ ਵੇਲੇ ਦਿਤੀ।
ਉਨ੍ਹਾਂ ਦਸਿਆ ਕਿ ਫ਼ਾਜ਼ਿਲਕਾ ਗਾਂਧੀ ਚੌਂਕ, ਸ਼ਾਸਤਰੀ ਚੌਂਕ, ਘੰਟਾਂ ਘਰ ਚੌਂਕ ਅਤੇ ਜਲਾਲਾਬਾਦ ਦੇ ਰਾਮਲੀਲਾ ਚੌਂਕ ਅਤੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਵਿਸ਼ੇਸ਼ ਤੌਰ 'ਤੇ ਰੇਹੜੀਆਂ 'ਤੇ ਵੇਚੇ ਜਾਣ ਵਾਲੇ ਫ਼ਰੂਟ ਅਤੇ ਹੋਰਨਾਂ ਵਸਤਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦਸਿਆ ਕਿ ਗੁਣਵਤਾ ਦੀ ਘਾਟ ਪਾਏ ਜਾਣ ਵਾਲੇ ਰੇਹੜੀਆਂ ਵਾਲਿਆਂ ਦੇ ਫ਼ਰੂਟ ਅਤੇ ਹੋਰ ਵਸਤਾਂ ਨੂੰ ਮੌਕੇ 'ਤੇ ਨਸ਼ਟ ਕਰਵਾ ਦਿਤਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਕੇ ਮਾੜੀ ਕੁਆਲਟੀ ਦੀ ਵਸਤਾਂ ਨਾ ਵੇਚਣ ਦੀ ਚੇਤਾਵਨੀ ਦਿਤੀ। ਉਨ੍ਹਾਂ ਸਮੂਹ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਫ਼ੂਡ-ਸੇਫ਼ਟੀ ਐਕਟ ਤਹਿਤ ਲਾਇਸੰਸ ਬਣਾਉਣ ਲਈ ਜਾਗਰੂਕ ਕੀਤਾ।
ਉਨ੍ਹਾਂ ਕਿਹਾ ਕਿ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਕਿਸੇ ਦੁਕਾਨਦਾਰ ਜਾਂ ਰੇਹੜੀ ਵਾਲੇ ਨੇ ਫ਼ੂਡ-ਸੇਫ਼ਟੀ ਦਾ ਲਾਇਸੰਸ ਨਾ ਬਣਵਾਇਆ, ਤਾਂ ਅਜਿਹੇ ਵਿਅਕਤੀਆਂ ਦੇ ਵਿਰੁਧ ਫ਼ੂਡ-ਸੇਫ਼ਟੀ ਐਕਟ ਤਹਿਤ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਫ਼ੂਡ-ਸੇਫ਼ਟੀ ਅਫ਼ਸਰ ਗਗਨਦੀਪ ਕੌਰ ਨੇ ਮੁੜ ਚੇਤਾਵਨੀ ਦਿੰਦਿਆਂ ਕਿਹਾ ਕਿ ਗ਼ੈਰ ਮਿਆਰੀ ਵਸਤਾਂ ਵੇਚਣ ਵਾਲਿਆ ਦੇ ਭਵਿੱਖ ਅੰਦਰ ਸੈਂਪਲ ਲਏ ਜਾਣਗੇ ਅਤੇ ਗੁਣਵਤਾ ਦੀ ਘਾਟ ਪਾਏ ਜਾਣ ਵਾਲੇ ਦੁਕਾਨਦਾਰ ਅਤੇ ਰੇਹੜੀ ਵਾਲੇ ਦੇ ਵਿਰੁਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਰੇਕ ਦੁਕਾਨਦਾਰ ਕੋਵਿਡ ਦੇ ਚਲ ਰਹੇ ਸੰਕਟ ਸਮੇਂ ਦੌਰਾਨ ਦੁਕਾਨਾਂ ਦੇ ਭੀੜ ਨਾ ਹੋਣ ਦੇਵੇ ਹਰੇਕ ਗ੍ਰਾਹਕ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਹੱਥਾਂ ਦੀ ਸਫ਼ਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲਗਾਤਾਰ ਲੋਕਾਂ ਨੂੰ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਕੋਵਿਡ ਦੀ ਸਾਵਧਾਨੀਆ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।