ਸ਼ਹੀਦਾਂ ਦਾ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ
Published : Jun 19, 2020, 8:41 am IST
Updated : Jun 19, 2020, 8:41 am IST
SHARE ARTICLE
File Photo
File Photo

ਮੁੱਖ ਮੰਤਰੀ ਤਰਫ਼ੋਂ ਕੈਬਨਿਟ ਮੰਤਰੀ ਧਰਮਸੋਤ ਨੇ ਸ਼ਹੀਦ ਮਨਦੀਪ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ

ਪਟਿਆਲਾ, 18 ਜੂਨ (ਤੇਜਿੰਦਰ ਫ਼ਤਿਹਪੁਰ) : ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਭਾਰਤੀ ਫ਼ੌਜ ਵਲੋਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਤਾਬੂਤ ਪਟਿਆਲਾ ਦੇ ਮਿਲਟਰੀ ਏਰੀਆ ਤੋਂ ਪੂਰੇ ਫ਼ੌਜੀ ਸਨਮਾਨਾਂ ਸਹਿਤ 'ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ' ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਇਕ ਕਾਫ਼ਲੇ ਦੇ ਰੂਪ 'ਚ ਪਿੰਡ ਸੀਲ ਵਿਖੇ ਲਿਆਂਦਾ ਗਿਆ।

ਸ਼ਹੀਦ ਮਨਦੀਪ ਸਿੰਘ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਮੁੱਠਭੇੜ 'ਚ ਹੋਰ ਭਾਰਤੀ ਫ਼ੌਜੀਆਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ ਸਨ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਪੂਰੀਆਂ ਧਾਰਮਕ ਰਹੁ ਰੀਤਾਂ ਮੁਤਾਬਕ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

ਇਸ ਮੌਕੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਪਿੰਡ ਸੀਲ ਦੇ ਸਮਸ਼ਾਨਘਾਟ ਵਿਖੇ ਮਾਹੌਲ ਉਸ ਵੇਲੇ ਭਾਵੁਕਤਾ ਨਾਲ ਭਰ ਗਿਆ ਜਦੋਂ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਪੁੱਤਰ ਜੋਬਨਪ੍ਰੀਤ ਸਿੰਘ ਨੇ ਦਿਖਾਈ। ਸ਼ਹੀਦ ਅਪਣੀ ਬਿਰਧ ਮਾਤਾ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਪੁੱਤਰ ਜੋਬਨਪ੍ਰੀਤ ਸਿੰਘ ਅਤੇ ਪੁੱਤਰੀ ਮਹਿਕਪ੍ਰੀਤ ਕੌਰ, ਤਿੰਨ ਭੈਣਾਂ ਸਮੇਤ ਹੋਰ ਪਰਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਅੰਤਮ ਸਸਕਾਰ ਤੋਂ ਪਹਿਲਾਂ ਸ਼ਹੀਦ ਦੀ ਮਾਤਾ, ਧਰਮਪਤਨੀ ਅਤੇ ਬੱਚਿਆਂ ਨੇ ਸ਼ਹੀਦ ਨੂੰ ਸਲਿਊਟ ਨਾਲ ਸਲਾਮੀ ਦੇ ਕੇ ਦੇਸ਼ ਦੇ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸਜਦਾ ਕੀਤਾ। ਇਸ ਤੋਂ ਪਹਿਲਾਂ ਮ੍ਰਿਤਕ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਿਖੇ ਲਿਜਾਇਆ ਗਿਆ, ਜਿਥੇ ਉਸ ਦੇ ਦਸਤਾਰ ਬੰਨ੍ਹੀ ਗਈ। ਇਸ ਤੋਂ ਬਾਅਦ ਪਿੰਡ ਦੀ ਧਰਮਸ਼ਾਲਾ ਵਿਖੇ ਪਿੰਡ ਅਤੇ ਇਲਾਕੇ ਦੇ ਵੱਡੀ ਗਿਣਤੀ ਵਸਨੀਕਾਂ ਵੱਲੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਸ਼ਹੀਦ ਦੇ ਪਰਵਾਰਕ ਸੂਤਰਾਂ ਨੇ ਦਸਿਆ ਕਿ ਸ਼ਹੀਦ ਦੇ ਫੁੱਲ ਚੁਗਣ ਦੀ ਰਸਮ ਪਿੰਡ ਸੀਲ ਦੇ ਸਮਸ਼ਾਨ ਘਾਟ ਵਿਖੇ 19 ਜੂਨ ਨੂੰ ਸਵੇਰੇ 9 ਵਜੇ ਹੋਵੇਗੀ।

File PhotoFile Photo

ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਅੰਤਮ ਸਸਕਾਰ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ  ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਭਾਰਤੀ ਸੈਨਾ, 3 ਮੀਡੀਅਮ ਆਰਟਲਰੀ, ਜਿਸ 'ਚ ਕਿ ਸ਼ਹੀਦ ਸੇਵਾ ਨਿਭਾ ਰਿਹਾ ਸੀ, ਦੇ ਸੂਬੇਦਾਰ ਲਖਵਿੰਦਰ ਸਿੰਘ ਅਤੇ ਹੋਰ ਫ਼ੌਜੀ ਅਧਿਕਾਰੀਆਂ ਨੇ ਭਾਵੁਕਤਾ ਭਰੇ ਮਾਹੌਲ 'ਚ ਸ਼ਹੀਦ ਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਅਤੇ ਬੱਚਿਆਂ ਨੂੰ ਸੌਂਪ ਕੇ ਸਲਾਮੀ ਦਿਤੀ।

ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਭਾਰਤੀ ਫ਼ੌਜ ਦੇ ਮੁਖੀ ਦੀ ਤਰਫ਼ੋਂ ਪਟਿਆਲਾ ਬ੍ਰਿਗੇਡ ਦੇ ਬ੍ਰਿਗੇਡੀਅਰ ਸ੍ਰੀ ਅਤੁਲ ਭੱਟ ਨੇ ਰੀਥ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਾਰਮੋਸਤ ਨੇ ਸ਼ਹੀਦ ਦੀ ਦੇਹ 'ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ।

ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਾਜ ਕੁਮਾਰ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ। ਇਸ ਤੋਂ ਇਲਾਵਾ ਟੂ ਕੋਰ ਕਮਾਂਡਰ ਅੰਬਾਲਾ ਦੀ ਤਰਫ਼ੋਂ ਕਰਨਲ ਉਠੱਈਆ, ਵਨ ਆਰਮਡ ਡਵੀਜਨ ਪਟਿਆਲਾ ਦੇ ਜੀਓਸੀ ਦੀ ਤਰਫ਼ੋਂ ਕਰਨਲ ਮੋਹਿਤ ਚੋਪੜਾ, ਸਟੇਸ਼ਨ ਕਮਾਂਡਰ ਪਟਿਆਲਾ ਦੀ ਤਰਫ਼ੋਂ ਸੂਬੇਦਾਰ ਮੈਨਪਾਲ ਸਿੰਘ ਨੇ ਰੀਥਾਂ ਰੱਖੀਆਂ।

ਹਲਕਾ ਘਨੌਰ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਧਾਇਕ ਸ੍ਰੀ ਅਰੁਣ ਨਾਰੰਗ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਗਗਨਦੀਪ ਸਿੰਘ ਜਲਾਲਪੁਰ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. ਹਰਮੀਤ ਸਿੰਘ ਹੁੰਦਲ, ਐਸ.ਡੀ.ਐਮ. ਸ. ਖੁਸ਼ਦਿਲ ਸਿੰਘ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ ਤੇ ਤਹਿਸੀਲਦਾਰ ਹਰਸਿਮਰਨ ਸਿੰਘ, ਸ. ਹਰਿੰਦਰਪਾਲ ਸਿੰਘ ਹੈਰੀਮਾਨ ਦੀ ਤਰਫ਼ੋਂ ਚੇਅਰਮੈਨ ਸ੍ਰੀ ਅਸ਼ਵਨੀ ਬੱਤਾ,

File PhotoFile Photo

ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ, ਪਿੰਡ ਸੀਲ ਦੀ ਤਰਫ਼ੋਂ ਸਰਪੰਚ ਲਖਬੀਰ ਸਿੰਘ ਤੇ ਈ.ਓ. ਖੰਨਾ ਰਣਬੀਰ ਸਿੰਘ ਨੇ ਵੀ ਰੀਥਾਂ ਰੱਖਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਅੰਤਮ ਸਸਕਾਰ ਮੌਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅੰਤਮ ਅਰਦਾਸ ਕੀਤੀ ਅਤੇ ਕੀਰਤਨ ਸੇਹਿਲਾ ਦੀ ਬਾਣੀ ਦਾ ਪਾਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਬਹਾਦਰਗੜ੍ਹ ਸਾਹਿਬ ਦੇ ਹੈਡਗੰਥੀ ਗਿਆਨੀ ਅਵਤਾਰ ਸਿੰਘ ਨੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿਮ ਕਮੇਟੀ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਗੜ੍ਹੀ ਅਤੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੋਸ਼ਾਲਾ ਭੇਂਟ ਕੀਤਾ।

ਇਸ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਦੀ ਧਰਮ ਪਤਨੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਜਦਕਿ

ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਹੀਦ ਦੇ ਪਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਸ਼ਹੀਦ ਦੇ ਪਰਵਾਰ ਦੇ ਨਾਲ ਖੜੀ ਹੈ। ਸ. ਧਰਮਸੋਤ ਨੇ ਅਰਦਾਸ ਕੀਤੀ ਕਿ ਪਰਮਾਤਮਾ ਸ਼ਹੀਦ ਮਨਦੀਪ ਸਿੰਘ ਨੂੰ ਅਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਿਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ। ਇਸ ਦੌਰਾਨ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਦੇ ਵਸਨੀਕ ਤੇ ਹੋਰ ਪਤਵੰਤੇ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ।

ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਅੰਤਮ ਸਸਕਾਰ ਮੌਕੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਸ. ਬਲਜੀਤ ਸਿੰਘ ਗਿੱਲ, ਵਾਇਸ ਚੇਅਰਮੈਨ ਰਾਮ ਸਿੰਘ ਸੀਲ, ਚੇਅਰਮੈਨ ਬਲਾਕ ਸੰਮਤੀ ਜਗਦੀਪ ਸਿੰਘ ਚਪੜ ਅਤੇ ਭਾਰਤੀ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਕ, ਧਾਰਮਕ ਸੰਸਥਾਵਾਂ ਵਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਆਮ ਲੋਕਾਂ ਵਲੋਂ ਸ਼ਹੀਦ ਨੂੰ ''ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ, ਦੇਸ਼ ਭਗਤੀ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ'' ਦੇ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਅੰਤਮ ਵਿਦਾਈ ਦਿਤੀ ਗਈ।

 ਸ਼ਹੀਦ ਦੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਪਰਿਵਾਰਕ ਮੈਂਬਰ​
ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਫ਼ੌਜ ਅਤੇ ਪੁਲਿਸ ਵਲੋਂ ਸਲਾਮੀ

ਗੁਰਦਾਸਪੁਰ/ਕਲਾਨੌਰ/ਧਾਰੀਵਾਲ, 18 ਜੂਨ (ਅਨਮੋਲ, ਗੁਰਦੇਵ ਸਿੰਘ ਰਜਾਦਾ, ਇੰਦਰਜੀਤ) : ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਭੋਜਰਾਜ ਨਾਇਬ ਸੂਬੇਦਾਰ ਸਤਨਾਮ ਸਿੰਘ ਜੋ ਕਿ ਚੀਨ ਅਤੇ ਭਾਰਤ ਦੀ ਸਰਹੱਦ 'ਤੇ ਸ਼ਹੀਦੀ ਜਾਮ ਪੀ ਗਏ ਸਨ ਉਨ੍ਹਾਂ ਦੀ ਲਾਸ਼ ਤਬੂਤ ਵਿਚ ਜਦੋਂ ਪਿੰਡ ਪਹੁੰਚੀ ਤਾਂ ਹਰ ਪਾਸੇ ਮਾਤਮ ਛਾ ਗਿਆ। ਇਸ ਮੌਕੇ ਪਹਿਲਾਂ ਆਰਮੀ ਵਲੋਂ ਤੇ ਬਾਅਦ ਵਿਚ ਪੁਲਿਸ ਵਲੋਂ ਸਰਕਾਰੀ ਸਨਮਾਨ ਵਿਚ ਬੈਂਡ ਵਾਜਿਆਂ ਦੀਆਂ ਧੁੰਨਾਂ ਨਾਲ ਨਾਲ ਸ਼ਹੀਦ ਨੂੰ ਸਲਾਮੀ ਦਿਤੀ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸ ਦੇ ਪੁੱਤਰ ਪ੍ਰਭਜੋਤ ਵਲੋਂ ਦਿਖਾਈ ਗਈ।

File PhotoFile Photo

ਇਸ ਮੌਕੇ ਸ਼ਹੀਦ ਸਤਨਾਮ ਸਿੰਘ ਦੇ ਪਿਤਾ ਸਰਦਾਰ ਜਗੀਰ ਸਿੰਘ ਪਤਨੀ ਜਸਵਿੰਦਰ ਕੌਰ ਅਤੇ ਬੇਟੀ ਸੰਦੀਪ ਕੌਰ ਨੇ ਗਮਗੀਨ ਮਾਹੌਲ ਵਿਚ ਕਿਹਾ ਮਾਣ ਹੈ ਕਿ ਸਤਨਾਮ ਸਿੰਘ  ਨੇ ਅਪਣੇ ਦੇਸ਼ ਦੀ ਲਈ ਸ਼ਹੀਦੀ ਦਿਤੀ ਹੈ। ਇਸ ਮੌਕੇ ਪੰਜਾਬ ਸਰਕਾਰ ਵਲੋਂ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹੀਦ ਦੇ ਨਾਂ 'ਤੇ ਪਿੰਡ ਵਿਚ ਇਕ ਸਟੇਡੀਅਮ, ਸਕੂਲ ਦਾ ਨਾਮ ਅਤੇ ਸ਼ਹੀਦ ਦੇ ਨਾਂ 'ਤੇ ਇਕ ਗੇਟ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਰ ਦੀ ਸਰਕਾਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਸ. ਰੰਧਾਵਾ ਨੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਦੀ ਰਾਖੀ ਖਾਤਰ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ ਤੇ ਪੂਰੇ ਦੇਸ਼ ਨੂੰ ਸ਼ਹੀਦ ਸਤਨਾਮ ਸਿੰਘ ਦੀ ਸ਼ਹਾਦਤ 'ਤੇ ਗਰਵ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਨਾਲ ਖੜੀ ਹੈ।

ਸ. ਰੰਧਾਵਾ ਨੇ ਅੱਗੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ, ਜਿਨ੍ਹਾਂ ਦੀ ਬਦੋਲਤ ਅਸੀਂ ਸਾਰੇ ਬੇਖੋਫ ਆਪਣੇ ਘਰਾਂ ਵਿਚ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀ ਪਰਵਾਰਾਂ ਅੱਗੇ ਸੀਸ ਝੁਕਾਉਂਦੇ ਹਾਂ ਤੇ ਪਰਵਾਰ ਦੇ ਦੁੱਖ ਵਿਚ ਸ਼ਰੀਕ ਹਾਂ। ਸ. ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ ਅਤੇ ਸਰਕਾਰ ਦੀ ਨੀਤੀ ਮੁਤਾਬਕ 12 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇਗਾ।

ਇਸ ਮੌਕੇ ਡੀ.ਸੀ. ਗੁਰਦਾਸਪੁਰ, ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋਂ, ਐਸ.ਐਚ.ਓ ਅਮਨਦੀਪ ਸਿੰਘ ਰੰਧਾਵਾ, ਐਸਐਚਓ ਬਲਕਾਰ ਸਿੰਘ, ਤਹਿਸੀਲਦਾਰ ਇੰਦਰਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਇੰਦਰਜੀਤ ਸਿੰਘ ਰੰਧਾਵਾ, ਸੁਖਦੇਵ ਸਿੰਘ ਭੋਜਰਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement