
ਲਾਂਡਰਾ-ਬਨੂੜ ਰੋਡ ਤੇ ਅੱਜ ਇਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਅਤੇ ਇਕ .....
ਐਸ.ਏ.ਐਸ ਨਗਰ, 18 ਜੂਨ (ਸੁਖਦੀਪ ਸਿੰਘ ਸੋਈ) : ਲਾਂਡਰਾ-ਬਨੂੜ ਰੋਡ ਤੇ ਅੱਜ ਇਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਅਪਣੇ ਮੋਟਰਸਾਈਕਲ 'ਤੇ ਆ ਰਹੇ ਸਨ ਇਸ ਦੌਰਾਨ ਇਕ ਜੀਪ ਨਾਲ ਇਨ੍ਹਾਂ ਦੀ ਟੱਕਰ ਹੋ ਗਈ ਜੋ ਬਹੁਤ ਭਿਆਨਕ ਸੀ ਅਤੇ ਇਸ ਕਾਰਨ ਸੁਨੀਲ ਕੁਮਾਰ ਅਤੇ ਸ਼ੁਭਮ ਨਾਮ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤੀਜਾ ਨੌਜਵਾਨ ਰਿੰਕਲ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਨੌਜਵਾਨ ਨੂੰ ਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ ਹੈ, ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੇ ਨੌਜਵਾਨ ਪਿੰਡ ਸੰਭਾਲਕੀ ਦੇ ਨੇੜੇ ਬਣੇ ਫਲੈਟਾਂ ਵਿਚ ਰਹਿੰਦੇ ਸਨ ਅਤੇ ਫ਼ਿਲਮ ਪ੍ਰੋਡਕਸ਼ਨ ਦਾ ਕੰਮ ਕਰਦੇ ਸਨ। ਉਹ ਰਾਤ ਵੇਲੇ ਕਿਸੇ ਢਾਬੇ ਤੋਂ ਖਾਣਾ ਲੈਣ ਲਈ ਘਰੋਂ ਨਿਕਲੇ ਸਨ ਜਦੋਂ ਲਾਂਡਰਾ ਬਨੂੜ ਰੋਡ 'ਤੇ ਉਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਸੋਹਾਣਾ ਦੇ ਥਾਣਾ ਮੁਖੀ ਦਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭਿਜਵਾ ਦਿੱਤੀਆਂ ਗਈਆਂ ਹਨ ਅਤੇ ਜੀਪ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਮ੍ਰਿਤਕਾਂ ਦੇ ਪਰਵਾਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।