
ਕੈਪਟਨ ਅਮਰਿੰਦਰ ਸਿੰਘ ਨੇ ਗੁੱਸੇ ਭਰੇ ਲਹਿਜੇ 'ਚ ਪੁਛਿਆ
ਚੰਡੀਗੜ੍ਹ: ਗਲਵਾਨ ਘਾਟੀ ਵਿਚ ਚੀਨੀਆਂ ਵਲੋਂ ਜਿਸ ਕਰੂਰਤਾ ਨਾਲ 20 ਭਾਰਤੀ ²ਫ਼ੌਜੀਆਂ ਨੂੰ ਕਤਲ ਕੀਤਾ ਗਿਆ ਉਸ ਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਹੋਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਰੀ ਕੌਮ ਅਪਣੇ ਨਾਗਰਿਕਾਂ ਉਪਰ ਹੋਏ ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿਤੇ ਜਾਣ ਦੀ ਉਮੀਦ ਕਰ ਰਹੀ ਹੈ।
''ਸਰਹੱਦ 'ਤੇ ਸਾਡੇ ਸੈਨਿਕਾਂ ਨੂੰ ਸਪੱਸ਼ਟ ਰੂਪ ਵਿਚ ਕਿਹਾ ਜਾਵੇ ਕਿ ਜੇਕਰ ਉਹ ਸਾਡਾ ਇਕ ਮਾਰਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਤਿੰਨ ਮਾਰੋ, ''ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਬਤੌਰ ਰਾਜਨੀਤੀਵਾਨ ਇਹ ਸੱਭ ਨਹੀਂ ਕਹਿ ਰਹੇ ਬਲਕਿ ਉਸ ਵਿਅਕਤੀ ਵਜੋਂ ਕਹਿ ਰਹੇ ਹਨ ਜੋ ਫ਼ੌਜ ਦਾ ਹਿੱਸਾ ਰਿਹਾ ਹੈ ਅਤੇ ਹਾਲੇ ਤਕ ਇਸ ਸੰਸਥਾਨ ਨੂੰ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਉਪਰ ਉਨ੍ਹਾਂ ਦਾ ਸਟੈਂਡ ਹਮੇਸ਼ਾ ਇਕ ਰਿਹਾ ਹੈ ਇਥੋਂ ਤਕ ਕਿ ਪੁਲਵਾਮਾ ਹਮਲੇ ਬਾਅਦ ਵੀ ਉਨ੍ਹਾਂ ਐਲਾਨ ਕੀਤਾ ਸੀ ਕਿ ਜੇਕਰ ਉਹ ਸਾਡਾ ਇਕ ਮਾਰਦੇ ਹਨ ਤਾਂ ਸਾਨੂੰ ਉਨ੍ਹਾਂ ਦੇ ਦੋ ਮਾਰਨੇ ਚਾਹੀਦੇ ਹਨ।
ਇਹ ਸਵਾਲ ਕਰਦਿਆਂ ਕਿ ਭਾਰਤੀ ਜਵਾਨਾਂ 'ਤੇ ਹੋਏ ਦਰਦਨਾਕ ਹਮਲੇ ਨੂੰ ਵੇਖਦਿਆਂ ਚੀਨੀਆਂ 'ਤੇ ਗੋਲੀ ਚਲਾਉਣ ਦੇ ਆਦੇਸ਼ ਕਿਉਂ ਨਹੀਂ ਦਿਤੇ ਗਏ, ਮੁੱਖ ਮੰਤਰੀ ਨੇ ਕਿਹਾ, ''ਕੋਈ ਉਥੇ ਅਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫ਼ਲ ਰਿਹਾ ਹੈ ਅਤੇ ਸਾਨੂੰ ਇਹ ਲੱਭਣ ਦੀ ਜ਼ਰੂਰਤ ਹੈ ਕਿ ਉਹ ਕੌਣ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਯੂਨਿਟ ਪਾਸ ਹਥਿਆਰ ਸਨ, ਜਿਵੇਂ ਹੁਣ ਦਾਅਵਾ ਕੀਤਾ ਜਾ ਰਿਹਾ ਹੈ, ਦੂਜੇ ਕਮਾਂਡ ਕਰਨ ਵਾਲੇ ਨੂੰ ਉਸ ਪਲ ਫਾਇਰਿੰਗ ਦੇ ਹੁਕਮ ਦੇਣੇ ਚਾਹੀਦੇ ਸਨ ਜਦੋਂ ਕਮਾਂਡਿੰਗ ਅਫ਼ਸਰ ਚੀਨੀਆਂ ਦੀ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ।
ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਕੌਮ ਜਾਨਣਾ ਚਾਹੁੰਦੀ ਹੈ ਕਿ ਕਿਉਂ ਸਾਡੇ ਵਿਅਕਤੀਆਂ ਵਲੋਂ ਮੋੜਵਾਂ ਹਮਲਾ ਨਹੀਂ ਕੀਤਾ ਗਿਆ ਜਿਸ ਲਈ ਉਨ੍ਹਾਂ ਨੂੰ ਟ੍ਰੇਨਿੰਗ ਮਿਲੀ ਹੈ ਅਤੇ ਜੇਕਰ ਉਨ੍ਹਾਂ ਪਾਸ ਹਥਿਆਰ ਸਨ ਤਾਂ ਕਿਉਂ ਗੋਲੀ ਨਹੀਂ ਚਲਾਈ ਗਈ? ਉਨ੍ਹਾਂ ਪੁੱਛਿਆ ਕਿ ਉਹ ਉਥੇ ਬੈਠੇ ਕੀ ਕਰ ਰਹੇ ਸਨ ਜਦੋਂ ਉਨ੍ਹਾਂ ਦੇ ਸਾਥੀਆਂ ਨੂੰ ਮਾਰਿਆ ਜਾ ਰਿਹਾ ਸੀ? ''ਮੈਂ ਜਾਨਣਾ ਚਾਹੁੰਦਾ ਹਾਂ, ਹਰ ਫ਼ੌਜੀ ਜਾਨਣਾ ਚਾਹੁੰਦਾ ਹੈ ਅਤੇ ਹਰ ਭਾਰਤੀ ਜਾਨਣਾ ਚਾਹੁੰਦਾ ਹੈ ਕਿ ਕੀ ਵਾਪਰਿਆ, ਮੁੱਖ ਮੰਤਰੀ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਉਹ ਇਸ ਸਮੁੱਚੀ ਘਟਨਾ ਬਾਰੇ ਸਖ਼ਤ ਡੂੰਘਾਈ ਨਾਲ ਮਹਿਸੂਸ ਕਰਦੇ ਹਨ ਅਤੇ ਇਸ ਨੇ ਇੰਟੈਲੀਜੈਂਸ ਦੇ ਬੁਰੀ ਤਰ੍ਹਾਂ ਫੇਲ ਹੋਣ ਨੂੰ ਵੀ ਉਜਾਗਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਰਬਤਾਂ 'ਤੇ ਬੈਠੇ ਜਵਾਨ ਜਵਾਬ ਦੇ ਹੱਕਦਾਰ ਹਨ ਅਤੇ ਸਖ਼ਤ ਹੁੰਗਾਰੇ ਦੀ ਉਮੀਦ ਕਰਦੇ ਹਨ। ਉਨ੍ਹਾਂ ਸਖ਼ਤ ਪ੍ਰਤੀਕ੍ਰਿਆ ਪ੍ਰਗਟਾਉਂਦਿਆਂ ਇਸ ਨੂੰ ਹਰ ਭਾਰਤੀ ਦੀ ਬੇਇਜ਼ਤੀ ਆਖਿਆ। 'ਹਿੰਦੀ-ਚੀਨੀ ਭਾਈ ਭਾਈ' ਦੇ ਨਾਅਰੇ ਨੂੰ ਖਤਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਸ ਮੁੱਦੇ 'ਤੇ ਗੁੰਝਲਦਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ, ''ਜੇਕਰ ਚੀਨ ਵਿਸ਼ਵ ਸ਼ਕਤੀ ਹੈ, ਤਾਂ ਫਿਰ ਅਸੀਂ ਵੀ ਹਾਂ।”
ਉਨ੍ਹਾਂ ਕਿਹਾ ਕਿ ''60 ਸਾਲਾਂ ਦੀ ਕੂਟਨੀਤੀ ਕੰਮ ਨਹੀਂ ਕਰ ਸਕੀ ਅਤੇ ਹੁਣ ਉਨ੍ਹਾਂ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਹੁਣ ਬਹੁਤ ਹੋ ਗਿਆ।” ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤੀ ਫੌਜ ਇਕ ਉੱਚ ਪੇਸ਼ੇਵਰ ਫੋਰਸ ਹੈ ਅਤੇ ਕਿਸੇ ਵੀ ਦੁਸ਼ਮਣ ਦਾ ਮੁਕਾਬਲਾ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ, ਮੁੱਖ ਮੰਤਰੀ ਨੇ ਕਿਹਾ ਕਿ ਚੀਨ ਜਾਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਟੱਕਰ ਦੇਣ ਦੇ ਸਮਰੱਥ ਹਾਂ। ਉਨ੍ਹਾਂ ਟਿੱਪਣੀ ਕੀਤੀ ਕਿ ਚੀਨੀ ਲੋਕਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਕਿਹਾ ਕਿ 1962 ਤੋਂ ਕਈ ਭਾਰਤੀ ਖੇਤਰ ਉਨ੍ਹਾਂ ਦੇ ਕਬਜ਼ੇ ਵਿਚ ਹਨ ਅਤੇ ਉਹ ਸਪੱਸ਼ਟ ਤੌਰ 'ਤੇ ਹੁਣ ਹੋਰ ਹਿੱਸੇ 'ਤੇ ਕਾਬਜ਼ ਹੋਣ ਦੀ ਕਸ਼ਿਸ਼ ਕਰ ਰਹੇ ਹਨ।