
ਬੇਅਦਬੀਆਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਵੀ ਅਕਾਲੀ ਦਲ ਵਾਲਾ ਹੋਵੇਗਾ : ਭਾਈ ਮੰਡ
ਮਹਿਲਕਲਾਂ, 18 ਜੂਨ (ਗੁਰਮੁੱਖ ਸਿੰਘ ਹਮੀਦੀ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਵੀ ਅਕਾਲੀ ਦਲ ਵਾਲਾ ਹੋਵੇਗਾ ਕਿਉਂਕਿ ਸਿੱਖ ਸੰਗਤ ਨੇ ਅਕਾਲੀ ਦਲ ਨੂੰ ਨਕਾਰ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਭਰੋਸਾ ਜਿਤਾਇਆ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੰਥ ਦੇ ਕਟਹਿਰੇ ’ਚ ਖੜਾ ਕਰ ਕੇ ਸਖ਼ਤ ਸਜ਼ਾਵਾਂ ਦੇਣਗੇ। ਇਹ ਵਿਚਾਰ ਅੱਜ ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪਿੰਡ ਧਨੇਰ (ਬਰਨਾਲਾ) ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਪੰਥ ਵਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ ਲਗਾਏ ਮੋਰਚੇ ’ਚ ਸ਼ਾਮਲ ਹੋ ਕੇ ਕੈਪਟਨ ਸਰਕਾਰ ਨੇ ਦੋਸ਼ੀਆਂ ਨੂੰ ਜਲਦੀ ਫੜ ਕੇ ਸਖ਼ਤ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਸਰਕਾਰ ਨੇ ਪੰਥ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ। ਭਾਈ ਮੰਡ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਕੈਪਟਨ ਤੇ ਬਾਦਲ ਰਲੇ ਹੋਏ ਹਨ, ਪੰਥ ਇਨ੍ਹਾਂ ਨੂੰ ਮਾਫ਼ ਨਹੀਂ ਕਰੇਗਾ। ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਖਚੈਨ ਸਿੰਘ ਸੰਘੇੜਾ, ਗੁਰਪ੍ਰੀਤ ਸਿੰਘ ਖੁੱਡੀ ਕਲਾਂ, ਹਰਪ੍ਰੀਤ ਸਿੰਘ ਮੂੰਮ ਆਦਿ ਹਾਜ਼ਰ ਸਨ।