
ਪੁਲਿਸ ਨੇ ਟਵਿੱਟਰ ਇੰਡੀਆ ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ
ਗਾਜ਼ੀਆਬਾਦ, 18 ਜੂਨ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ ਦੀ ਕੁੱਟਮਾਰ ਦੇ ਮਾਮਲੇ ਵਿਚ ਯੂਪੀ ਪੁਲਿਸ ਨੇ ਟਵਿਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਉਨ੍ਹਾਂ ਨੂੰ ਇਕ ਹਫ਼ਤੇ ਅੰਦਰ ਅਪਣਾ ਬਿਆਨ ਦਰਜ ਕਰਵਾਉਣ ਲਈ ਲੋਨੀ ਥਾਣੇ ਬੁਲਾਇਆ ਗਿਆ ਹੈ। ਨੋਟਿਸ ਜਾਰੀ ਕਰਦਿਆਂ ਦਸਿਆ ਗਿਆ ਹੈ ਕਿ ਲੋਨੀ ਥਾਣੇ ਵਿਚ ਟਵਿਟਰ ਇੰਡੀਆ ਵਿਰੁਧ ਕਈ ਧਾਰਾਵਾਂ ਤਹਿਤ ਕੇਸ ਦਰਜ ਹਨ। ਟਵਿਟਰ ਜ਼ਰੀਏ ਕੱੁਝ ਲੋਕਾਂ ਨੇ ਸਮਾਜ ਵਿਚ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਹੈ ਅਤੇ ਇਸ ਮਾਮਲੇ ’ਤੇ ਟਵਿਟਰ ਵਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਪੁਲਿਸ ਨੇ ਸਪੱਸ਼ਟੀਕਰਨ ਦੇਣ ਲਈ ਟਵਿਟਰ ਨੂੰ 7 ਦਿਨਾਂ ਦਾ ਸਮਾਂ ਦਿਤਾ ਹੈ।
ਦੱਸ ਦਈਏ ਕਿ ਯੂਪੀ ਪੁਲਿਸ ਨੇ ਬਜ਼ੁਰਗ ਦੀ ਕੁੱਟਮਾਰ ਦੇ ਵੀਡੀਉ ਸਬੰਧੀ ਟਵਿਟਰ, ਇਕ ਨਿਊਜ਼ ਪੋਰਟਲ, ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਤੇ ਕਈ ਪੱਤਰਕਾਰਾਂ ਵਿਰੁਧ ਕੇਸ ਦਰਜ ਕੀਤਾ ਹੈ। ਇਨ੍ਹਾਂ ਸਾਰਿਆਂ ’ਤੇ ਘਟਨਾ ਨੂੰ ਫਿਰਕੂ ਰੰਗਤ ਦੇਣ ਦੇ ਆਰੋਪ ਲਗਾਏ ਗਏ ਹਨ।
ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਪੁਲਿਸ ਨੇ ਟਵਿਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੂੰ ਇਕ ਬਜ਼ੁਰਗ ਵਿਅਕਤੀ ਦੇ ਇਕ ਵਾਇਰਲ ਵੀਡੀਉ ’ਤੇ ਸਮਾਜ ਵਿਚ ਨਫ਼ਰਤ ਅਤੇ ਬੁਰਾਈਆਂ ਫੈਲਾਉਣ ਲਈ ਟਵਿਟਰ ਦੁਆਰਾ ਭੇਜੇ ਸੰਦੇਸ਼ ਦਾ ਕੋਈ ਨੋਟਿਸ ਨਾ ਲੈਣ ’ਤੇ ਕਾਨੂੰਨੀ ਨੋਟਿਸ ਭੇਜਿਆ ਹੈ।
ਐਫ਼ਆਈਆਰ ਵਿਚ ਲਿਖਿਆ ਗਿਆ ਸੀ ਕਿ ਗਾਜ਼ੀਆਬਾਦ ਪੁਲਿਸ ਵਲੋਂ ਸਪਸ਼ਟੀਕਰਨ ਜਾਰੀ ਕਰਨ ਦੇ ਬਾਵਜੂਦ ਇਨ੍ਹਾਂ ਲੋਕਾਂ ਨੇ ਅਪਣੇ ਟਵੀਟ ਨਹੀਂ ਹਟਾਏ, ਜਿਸ ਕਾਰਨ ਧਾਰਮਕ ਤਣਾਅ ਵਧਦਾ ਗਿਆ। ਇਸ ਤੋਂ ਇਲਾਵਾ ਟਵਿਟਰ ਇੰਡੀਆ ਅਤੇ ਟਵਿਟਰ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਉਨ੍ਹਾਂ ਟਵੀਟਸ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ।
ਇਨ੍ਹਾਂ ਵਿਰੁਧ ਆਈਪੀਸੀ ਦੀ ਧਾਰਾ 153, 153-ਏ, 295-ਏ, 505, 120-ਬੀ, ਅਤੇ 34 ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।