
ਕਿਹਾ, ਮੁਫ਼ਤ ਗੁਰਬਾਣੀ ਪ੍ਰਸਾਰਣ 'ਤੇ ਨਹੀਂ ਹੋਣਾ ਚਾਹੀਦਾ ਕੋਈ ਵਿਵਾਦ
''ਹਰ ਬੰਦਾ ਸਮੇਂ ਦੇ ਨਾਲ ਖ਼ੁਦ ਨੂੰ ਢਾਲ ਲਵੇ ਤਾਂ ਕਿਸੇ ਦੂਜੇ ਬੰਦੇ ਨੂੰ ਕੁੱਝ ਵੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ''
ਚੰਡੀਗੜ੍ਹ (ਕੋਮਲਜੀਤ ਕੌਰ): ਸਾਬਕਾ ਮੰਤਰੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦਾ ਕਹਿਣਾ ਹੈ ਕਿ ਗੁਰਬਾਣੀ ਪ੍ਰਸਾਰਣ ਮੁਫ਼ਤ ਹੋਣਾ ਚਾਹੀਦਾ ਹੈ ਇਸ ਵਿਚ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਇਤਰਾਜ਼ ਨਹੀਂ ਕਰਨਾ ਚਾਹੀਦਾ। ਗੁਰਬਾਣੀ ਦਾ ਪ੍ਰਸਾਰਣ ਕਿਸੇ ਇਕ ਅਦਾਰੇ ਤਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਸੰਗਤ ਦੀ ਮੰਗ ਅਨੁਸਾਰ ਮੁਫ਼ਤ ਅਤੇ ਬੰਦਸ਼ ਮੁਕਤ ਹੋਣਾ ਚਾਹੀਦਾ ਹੈ।
ਉਨ੍ਹਾਂ ਦਸਿਆ ਕਿ ਸਿਆਸਤ ਵਿਚ ਆਉਣ ਤੋਂ ਪਹਿਲਾਂ ਵੀ ਉਨ੍ਹਾਂ ਦੀ ਇਹੀ ਸੋਚ ਸੀ ਅਤੇ ਅੱਜ ਵੀ ਉਸੇ 'ਤੇ ਕਾਇਮ ਹਨ ਕਿ ਗੁਰਬਾਣੀ ਸੱਭ ਦੀ ਸਾਂਝੀ ਹੈ ਇਸ ਲਈ ਇਸ ਦੇ ਪ੍ਰਸਾਰਣ ਦੀ ਵੀ ਕੋਈ ਹੱਦਬੰਦੀ ਨਹੀਂ ਹੋਣੀ ਚਾਹੀਦੀ। ਡਾ. ਨਿੱਜਰ ਨੇ ਕਿਹਾ ਕਿ ਜੇਕਰ ਹਰ ਬੰਦਾ ਸਮੇਂ ਦੇ ਨਾਲ ਖ਼ੁਦ ਨੂੰ ਢਾਲ ਲਵੇ ਤਾਂ ਕਿਸੇ ਦੂਜੇ ਬੰਦੇ ਨੂੰ ਕੁੱਝ ਵੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ।
ਇਹ ਵੀ ਪੜ੍ਹੋ: ਗੁਰਬਾਣੀ ਨੂੰ ਇਕ ਪ੍ਰਵਾਰ ਦੇ ਕਬਜ਼ੇ 'ਚੋਂ ਮੁਕਤ ਕਰਵਾਉਣਾ ਹੀ ਸਾਡਾ ਮਕਸਦ : ਪ੍ਰਿੰ. ਬੁੱਧ ਰਾਮ
ਇਸ ਲਈ ਐਸ.ਜੀ.ਪੀ.ਸੀ. ਨੂੰ ਕੁੱਝ ਨਿਯਮਾਂ ਅਤੇ ਸ਼ਰਤਾਂ ਤਹਿਤ ਅਪਣੇ ਆਪ ਹੀ ਮੁਫ਼ਤ ਗੁਰਬਾਣੀ ਪ੍ਰਸਾਰਣ (ਫ੍ਰੀ ਟੂ ਏਅਰ) ਦੀ ਸ਼ੁਰੂਆਤ ਕਰ ਦੇਣੀ ਚਾਹੀਦੀ ਸੀ ਤਾਂ ਜੋ ਹਰ ਕਿਸੇ ਦੀ ਉਸ ਤਕ ਪਹੁੰਚ ਹੋ ਸਕਦੀ। ਜੇਕਰ ਕੋਈ ਵੀ ਉਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਤਾਂ ਉਨ੍ਹਾਂ ਤੋਂ ਪ੍ਰਸਾਰਣ ਦਾ ਹੱਕ ਵਾਪਸ ਲਿਆ ਜਾ ਸਕਦਾ ਸੀ। ਅਜਿਹਾ ਕਰਨ ਨਾਲ ਕਿਸੇ ਇਕ ਘਰਾਣੇ, ਪ੍ਰਵਾਰ ਜਾਂ ਕਿਸੇ ਖ਼ਾਸ ਚੈਨਲ ਨੂੰ ਪਹਿਲ ਨਹੀਂ ਮਿਲਣੀ ਸੀ। ਪੰਜਾਬ ਦੇ ਲੋਕਾਂ ਅਤੇ ਸਿੱਖ ਭਾਈਚਾਰੇ ਵਲੋਂ ਗੁਰਬਾਣੀ ਨੂੰ ਇਸ ਤਰ੍ਹਾਂ ਸੀਮਤ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੀਆਂ ਅੜੀਆਂ, ਹੰਕਾਰ ਅਤੇ ਲਾਲਚ ਕਰ ਕੇ ਹੀ ਸਿੱਖ ਕੌਮ ਅੱਜ ਇਸ ਸਥਿਤੀ 'ਚ ਖੜੀ ਹੈ : ਸੁਖਜਿੰਦਰ ਸਿੰਘ ਰੰਧਾਵਾ
ਨਿੱਜਰ ਦਾ ਕਹਿਣਾ ਹੈ ਕਿ ਸਿੱਖ ਮਸਲਿਆਂ ਵਿਚ ਦਖ਼ਲਅੰਦਾਜ਼ੀ ਠੀਕ ਨਹੀਂ ਪਰ ਹੁਣ ਗੱਲ ਗੁਰਬਾਣੀ ਦੀ ਹੋ ਰਹੀ ਹੈ ਜੋ ਮੁਫ਼ਤ ਹੋਣੀ ਚਾਹੀਦੀ ਹੈ ਅਤੇ ਇਸ ਵਿਚ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ। ਦੇਸ਼ ਅਤੇ ਵਿਦੇਸ਼ਾਂ ਵਿਚ ਵਸਦੀ ਸੰਗਤ ਚਾਹੁੰਦੀ ਹੈ ਕਿ ਸਿਰਫ਼ ਸਵੇਰੇ ਸ਼ਾਮ ਹੀ ਕਿਉਂ ਗੁਰਬਾਣੀ ਦਾ ਪ੍ਰਸਾਰਣ ਸਾਰਾ ਦਿਨ ਕਿਉਂ ਨਹੀਂ ਹੋ ਸਕਦਾ। ਇਸ ਲਈ ਇਸ ਮਸਲੇ 'ਤੇ ਵਿਚਾਰ ਕਰਨਾ ਲਾਜ਼ਮੀ ਹੈ।