
ਆਮ ਆਦਮੀ ਪਾਰਟੀ ਇਹ ਸਾਰੇ ਅਧਿਕਾਰ ਵਾਪਸ ਲੈ ਕੇ ਗੁਰਬਾਣੀ ਦਾ ਪ੍ਰਸਾਰਣ ਖੁੱਲ੍ਹਾ ਕਰਨਾ ਚਾਹੁੰਦੀ ਹੈ।
ਮੁਹਾਲੀ (ਰਮਨਦੀਪ ਕੌਰ ਸੈਣੀ/ਸੁਮਿਤ ਸਿੰਘ) : ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਬੋਲਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਵਿਸ਼ਾ ਪਹਿਲਾਂ ਹੀ ਰਾਜਾਂ ਨੂੰ ਦੇ ਦਿਤਾ ਹੈ। ਸੀਐਮ ਭਗਵੰਤ ਮਾਨ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਵੀ ਦਿਤਾ ਹੈ। ਇਸ ਲਈ ਗੁਰਬਾਣੀ ਦਾ ਪ੍ਰਸਾਰਣ ਇਕ ਚੈਨਲ ਤੋਂ ਕੱਢ ਕੇ ਸਾਰਿਆਂ ਲਈ ਖੁੱਲ੍ਹਾ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਇਸ ਲਈ ਵਿਰੋਧ ਕਰ ਰਿਹਾ ਹੈ ਕਿਉਂਕਿ ਉਸ ਨੂੰ ਗੁਰਬਾਣੀ ਪ੍ਰਸਾਰਣ ਮੁਫ਼ਤ ਹੋਣ ਨਾਲ ਪੀਟੀਸੀ ਚੈਨਲ ਬੰਦ ਹੋਣ ਦਾ ਖ਼ਤਰਾ ਹੈ। ਹਾਲ ਦੀ ਘੜੀ ਪੀਟੀਸੀ ਗੁਰਬਾਣੀ ਕਾਰਨ ਚਲ ਰਿਹਾ ਹੈ।
ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ‘ਅਜੀਤ’ ’ਤੇ ਗੱਲ ਆਈ ਉਦੋਂ ਵੀ ਅਕਾਲੀ ਤੇ ਕਾਂਗਰਸ ਇਕੱਠੇ ਹੋਏ ਸਨ ਤੇ ਅੱਜ ਜਦੋਂ ਪੀਟੀਸੀ ’ਤੇ ਗੱਲ ਆਈ ਤਾਂ ਅੱਜ ਵੀ ਇਹ ਦੋਵੇਂ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਤੋਂ ਸਾਫ਼ ਦਿਖ ਰਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਇਕਮਿਕ ਹਨ।
ਉਹਨਾਂ ਕਿਹਾ ਕਿ ਇਸ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਹ ਤਾਂ ਚੈਨਲ ਦੇ ਖ਼ਿਲਾਫ਼ ਹੈ ਕਿ ਇਕ ਹੀ ਚੈਨਲ ਨੂੰ ਸਾਰੇ ਅਧਿਕਾਰ ਦਿਤੇ ਹੋਏ ਹਨ। ਆਮ ਆਦਮੀ ਪਾਰਟੀ ਇਹ ਸਾਰੇ ਅਧਿਕਾਰ ਵਾਪਸ ਲੈ ਕੇ ਗੁਰਬਾਣੀ ਦਾ ਪ੍ਰਸਾਰਣ ਖੁੱਲ੍ਹਾ ਕਰਨਾ ਚਾਹੁੰਦੀ ਹੈ।