
ਜਸਵੀਰ ਸਿੰਘ ਗੜੀ ਨੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨਾਲ ਲਖਨਊ ਵਿਖੇ ਕੀਤੀ ਮੀਟਿੰਗ
Punjab News : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇਹ ਐਲਾਨ ਕੀਤਾ ਜਾਂਦਾ ਹੈ ਕਿ ਬਹੁਜਨ ਸਮਾਜ ਪਾਰਟੀ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਨੂੰ ਲੜੇਗੀ।
ਬਹੁਜਨ ਸਮਾਜ ਪਾਰਟੀ ਦੇ ਸਮੁੱਚੇ ਵਰਕਰ ਅਤੇ ਸਮਰਥਕ ਇਸ ਚੋਣ ਦੇ ਵਿੱਚ ਹਿੱਸਾ ਲੈਣਗੇ। ਦੱਸਿਆ ਜਾਂਦਾ ਹੈ ਕਿ ਅੱਜ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਾਲ ਲਖਨਊ ਵਿਖੇ ਮੀਟਿੰਗ ਕੀਤੀ ਅਤੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਗੜੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਅਤੇ ਰਾਸ਼ਟਰੀ ਪੱਧਰ ਉੱਤੇ ਅਨੁਸੂਚਿਤ ਜਾਤੀ ਵਰਗਾਂ ਦੇ ਨਾਲ ਹੁੰਦੇ ਧੱਕੇਸ਼ਾਹੀ ਦੇ ਮੁੱਦੇ ਦੇ ਉੱਤੇ ਇਹ ਉਪ ਚੋਣ ਲੜੀ ਜਾਵੇਗੀ। ਕਾਂਗਰਸ ਪਾਰਟੀ ਜਿਸਨੇ ਵੱਡੇ ਪੱਧਰ ਉੱਤੇ ਝੂਠਾ ਪ੍ਰਚਾਰ ਸੰਵਿਧਾਨ ਬਚਾਓ ਦੇ ਨਾਮ ਤੇ ਕੀਤਾ ਅਤੇ ਆਪਣਾ ਚਿਹਰਾ ਮੋਹਰਾ ਦਲਿਤ ਆਗੂ ਸ਼੍ਰੀ ਮਲਕਾਅਰਜਨ ਖੜਗੇ ਨੂੰ ਬਣਾਇਆ। ਇਸੀ ਕਾਂਗਰਸ ਨੇ ਦੇਸ਼ ਭਰ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀਆਂ ਵੋਟਾਂ ਬਟੋਰਨ ਤੋਂ ਬਾਅਦ ਜਿਸ ਤਰੀਕੇ ਨਾਲ ਦਲਿਤ ਭਾਈਚਾਰੇ ਦੇ ਮਲਕਾਅਰਜਨ ਖੜਗੇ ਨੂੰ ਖੁੱਡੇ ਲਾਈਨ ਲਗਾਕੇ ਗਾਂਧੀ ਪਰਿਵਾਰ ਨੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬੀਬੀ ਸੋਨੀਆ ਗਾਂਧੀ ਦੇ ਬਣਨ ਦਾ ਐਲਾਨ ਕੀਤਾ ਹੈ, ਇਹ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਧੱਕਾ ਹੈ।
ਇਹੀ ਧੱਕਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਕਿਸੇ ਜਮਾਨੇ ਵਿੱਚ ਮਹਾਰਾਸ਼ਟਰ ਦੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਕੇ ਮਹਾਰਾਸ਼ਟਰ ਸਰਕਾਰ ਕਾਂਗਰਸ ਦੀ ਬਣਾਉਣ ਲਈ ਵਰਤਿਆ ਅਤੇ ਕਾਂਗਰਸ ਦੀ ਸਰਕਾਰ ਬਣਾਕੇ ਸ਼ਿੰਦੇ ਜੀ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਹਟਾਕੇ ਮਹਾਰਾਸ਼ਟਰ ਦੀ ਰਾਜਨੀਤੀ ਚੋਂ ਬਾਹਰ ਕਰ ਦਿੱਤਾ ਸੀ, ਇਹੀ ਬਦਸਲੂਕੀ ਅੱਜ ਸ਼੍ਰੀ ਮਲਕਾਅਰਜਨ ਖੜਗੇ ਨਾਲ ਕੀਤੀ ਗਈ।
ਇਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਅੱਜ ਤੱਕ ਚੇਅਰਮੈਨ ਨਹੀਂ ਲਗਾਇਆ, ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਨਹੀਂ ਕੀਤੀ। ਪੋਸਟ ਮੈਟਰਿਕ ਸਕਾਲਰਸ਼ਿਪ ਦੇ ਲਾਭਪਾਤਰੀ ਵਿਦਿਆਰਥੀਆਂ ਦੀ ਗਿਣਤੀ ਘੱਟਕੇ ਇਕ ਲੱਖ ਦੇ ਕਰੀਬ ਰਹਿ ਚੁੱਕੀ ਹੈ। ਰਾਜਸਭਾ ਦੇ ਸੱਤ ਮੈਂਬਰਾਂ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਭਾਈਚਾਰੇ ਦਾ ਮੈਂਬਰ ਨਹੀਂ ਲਗਾਇਆ।
ਅਰਵਿੰਦ ਕੇਜਰੀਵਾਲ ਦੀ ਦਿੱਤੀ ਗਈ ਗਰੰਟੀ ਅਨੁਸਾਰ ਅਨੁਸੂਚਿਤ ਜਾਤੀ ਤੇ ਵਿਦਿਆਰਥੀਆਂ ਲਈ ਨਾ ਆਈਲੈਟਸ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਗਿਆ ਅਤੇ ਨਾ ਹੀ ਵਿਦੇਸ਼ ਭੇਜਣ ਦਾ ਖਰਚਾ ਅਤੇ ਇਹ ਗਰੰਟੀ ਫੇਲ ਹੋ ਚੁੱਕੀ ਹੈ। ਦਿੱਤੀ ਗਈ ਗਰੰਟੀ ਅਨੁਸਾਰ ਪੰਜਾਬ ਭਰ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਚਾਰ ਚਾਰ ਮਰਲੇ ਦੇ ਪਲਾਟ ਅੱਜ ਤੱਕ ਨਹੀਂ ਦਿੱਤੇ ਗਏ ਅਤੇ ਪੰਜਾਬ ਦੇ ਠੇਕੇ ਤੇ ਕੰਮ ਕਰਦੇ ਸਫਾਈ ਕਰਮਚਾਰੀ ਪੱਕੀਆਂ ਤਨਖਾਹਾਂ ਤੇ ਪੱਕੇ ਨਹੀਂ ਕੀਤੇ ਗਏ।
ਗੜੀ ਨੇ ਕਿਹਾ ਕਿ ਕਾਂਗਰਸ ਨੇ 75 ਸਾਲ ਦੇਸ਼ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪਿਛਲੱਗੂ ਬਣਾਕੇ ਰੱਖਿਆ ਅਤੇ ਇਸੇ ਹੀ ਪੂਰਨਿਆਂ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਚੱਲ ਰਹੇ ਹਨ। ਗੜੀ ਨੇ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪਚੋਣ ਵਿੱਚ ਘਰ ਘਰ ਜਾਕੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਲਾਮਬੰਦ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਮਜਬੂਤ ਮੁਹਿੰਮ ਚਲਾਈ ਜਾਏਗੀ।