
ਉਨ੍ਹਾਂ ਨੂੰ ਦੂਜੀ ਵਾਰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਸੀ
Punjab News : ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦਿੱਤਾ ਹੈ। ਸੁਖਵਿੰਦਰਪਾਲ ਗਰਚਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ।
ਹਲਾਂਕਿ ਗਰਚਾ ਨੇ ਆਪਣੇ ਅਸਤੀਫ਼ੇ ਦਾ ਕਾਰਨ ਨਹੀਂ ਦੱਸਿਆ ਪਰ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਲਈ ਪਿਛਲੇ ਕਾਫ਼ੀ ਸਮੇਂ ਤੋਂ ਦਿਨ ਰਾਤ ਮਿਹਨਤ ਕਰਦਾ ਰਿਹਾ ਸੀ ਪਰ ਹੁਣ ਆਪਣੀਆਂ ਜ਼ਿੰਮੇਵਰੀਆਂ ਨੂੰ ਨਹੀਂ ਨਿਭਾਅ ਸਕਦਾ। ਉਨ੍ਹਾਂ ਨੂੰ ਦੂਜੀ ਵਾਰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਸੀ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿਚ ਕਈ ਬਾਗੀ ਸੁਰ ਉੱਠੇ ਹਨ ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਵੀ ਕਿਹਾ ਜਾ ਰਿਹਾ ਹੈ। ਬੀਤੇ ਦਿਨੀਂ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਖੁੱਲ੍ਹਾ ਪੱਤਰ ਲਿਖਿਆ ਸੀ। ਜਿਸ ਵਿਚ ਉਹਨਾਂ ਨੇ ਕਈ ਸੁਝਾਅ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਇਕ ਪੰਚ ਪ੍ਰਧਾਨੀ ਬਣਾਉਣੀ ਚਾਹੀਦੀ ਹੈ।
ਚਰਨਜੀਤ ਬਰਾੜ ਨੇ ਅਪਣੇ ਪੱਤਰ ਵਿਚ ਲਿਖਿਆ ਸੀ ਕਿ ਮੈਂ ਚੋਣਾਂ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾਂ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ। ਜੋ ਮੈਂ ਲਿਖ ਰਿਹਾ ਹਾਂ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ।