
ਨਸ਼ਿਆਂ ਵਿਰੁਧ ਜੰਗ 'ਚ ਪੰਜਾਬ ਪੁਲਿਸ ਨੇ ਇਕ ਹਫ਼ਤੇ 'ਚ 155 ਕਿਲੋ ਹੈਰੋਇਨ ਦੀ ਕੀਤੀ ਬਰਾਮਦਗੀ : ਸੁਖਚੈਨ ਗਿੱਲ
15 ਕਿਲੋ ਅਫ਼ੀਮ, 37 ਕਿਲੋ ਗਾਂਜਾ ਤੇ 16.29 ਲੱਖ ਰੁਪਏ ਦੀ ਡਰੱਗ ਮਨੀ ਵੀ ਮਿਲੀ
ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ): ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਦੋ ਅੰਤਰ-ਰਾਜੀ ਅਪਰੇਸ਼ਨਾਂ ਦੌਰਾਨ ਗੁਜਰਾਤ ਅਤੇ ਮਹਾਰਾਸਟਰ ਦੋਵਾਂ ਸੂਬਿਆਂ 'ਚੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | ਇਨ੍ਹਾਂ ਦੋ ਬਰਾਮਦਗੀਆਂ ਤੋਂ ਇਲਾਵਾ ਸੂਬੇ 'ਚੋਂ ਪਿਛਲੇ ਹਫ਼ਤੇ 7.89 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਨਾਲ ਹੈਰੋਇਨ ਦੀ ਕੁਲ ਬਰਾਮਦਗੀ 155.39 ਕਿਲੋਗ੍ਰਾਮ ਹੋ ਗਈ ਹੈ |
ਇਹ ਜਾਣਕਾਰੀ ਅੱਜ ਇਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰ ਮਿਲਣੀ ਦੌਰਾਨ ਦਿਤੀ | ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਏ.ਟੀ.ਐਸ. ਗੁਜਰਾਤ ਨਾਲ ਸਾਂਝੇ ਆਪ੍ਰੇ©ਸ਼ਨ ਦੌਰਾਨ, ਪੰਜਾਬ ਪੁਲਿਸ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਕੰਟੇਨਰ 'ਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦਕਿ 15 ਜੁਲਾਈ ਨੂੰ ਮਹਾਰਾਸਟਰ ਪੁਲਿਸ ਨਾਲ ਮਿਲ ਕੇ ਮੁੰਬਈ ਦੇ ਨਾਹਵਾ ਸੇਵਾ ਪੋਰਟ 'ਤੇ ਕੰਟੇਨਰ 'ਚੋਂ 72.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ | ਆਈਜੀ ਨੇ ਦਸਿਆ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ 34 ਵਪਾਰਕ ਪਰਚਿਆਂ ਸਮੇਤ 453 ਐਫ਼ਆਈਆਜ਼ਜ ਦਰਜ ਕਰ ਕੇ 565 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ
ਇਲਾਵਾ, ਪੁਲਿਸ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ ਚਲਾ ਕੇ ਅਤੇ ਸੰਵੇਦਨਸ਼ੀਲ ਰੂਟਾਂ 'ਤੇ ਨਾਕੇ ਲਗਾ ਕੇ ਨਸ਼ਾ ਪ੍ਰਭਾਵਤ ਖੇਤਰਾਂ ਵਿਚ
16.29 ਲੱਖ ਰੁਪਏ ਡਰੱਗ ਮਨੀ, 15 ਕਿਲੋ ਅਫ਼ੀਮ, 37 ਕਿਲੋ ਗਾਂਜਾ, 16 ਕੁਇੰਟਲ ਭੁੱਕੀ ਅਤੇ 64000 ਨਸ਼ੀਲੀਆਂ ਗੋਲੀਆਂ/ਕੈਪਸੂਲ ਸਮੇਤ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਵਿਚ 10 ਭਗੌੜੇ ਵੀ ਗਿ੍ਫ਼ਤਾਰ ਕੀਤੇ ਗਏ ਹਨ |
ਡੱਬੀ
ਪੈਦਲ ਕਰ ਰਹੇ ਹਨ ਨਸ਼ਾ ਤਸਕਰੀ
ਸ. ਗਿੱਲ ਨੇ ਕਿਹਾ ਕਿ ਅਪਣੇ ਆਪ ਨੂੰ ਗਿ੍ਫ਼ਤਾਰੀ ਤੋਂ ਬਚਾਉਣ ਲਈ ਅੱਜਕਲ ਨਸ਼ਾ ਤਸਕਰ ਪੈਦਲ ਹੀ ਨਸ਼ਿਆਂ ਦੀ ਤਸਕਰੀ ਕਰਨ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਘੱਟ ਮਾਤਰਾ 'ਚ ਨਸ਼ਾ ਵੇਚ ਰਹੇ ਹਨ ਤਾਂ ਜੋ ਫੜੇ ਜਾਣ 'ਤੇ ਵੀ ਉਨ੍ਹਾਂ ਦੇ ਮਾਮਲੇ ਨੂੰ ਵਪਾਰਕ ਨਜ਼ਰੀਏ ਤੋਂ ਨਾ ਸਮਝਿਆ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਤਸਕਰ ਛਾਪੇ ਦੌਰਾਨ ਬਰਾਮਦਗੀ ਤੋਂ ਬਚਣ ਲਈ ਅਪਣੇ ਘਰਾਂ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਛੁਪਾਉਣ ਦੀ ਬਜਾਏ, ਇਸ ਨੂੰ ਛੱਪੜਾਂ ਅਤੇ ਖੇਤਾਂ ਵਿਚ ਛੁਪਾਉਣ ਨੂੰ ਤਰਜ਼ੀਹ ਦੇ ਰਹੇ ਹਨ |
ਬਾਕਸ
ਹਿਮਾਚਲ ਤੇ ਕਸ਼ਮੀਰ ਤੋਂ ਨਸ਼ਾ ਸਪਲਾਈ
ਉਨ੍ਹਾਂ ਦਸਿਆ ਕਿ ਫੜੇ ਗਏ ਨਸ਼ਾ ਤਸਕਰਾਂ ਤੋਂ ਇਹ ਪਤਾ ਲੱਗਾ ਹੈ ਕਿ ਨਸ਼ੇ ਦੀ ਸਪਲਾਈ ਪਠਾਨਕੋਟ ਨਾਲ ਲਗਦੇ ਇਲਾਕੇ ਹਿਮਾਚਲ ਪ੍ਰਦੇਸ਼ ਦੇ ਪਿੰਡ ਛੰਨੀ-ਬੇਲੀ ਜਾਂ ਜੰਮੂ-ਕਸ਼ਮੀਰ ਦੇ ਗੁਆਂਢੀ ਕਠੂਆ ਜ਼ਿਲ੍ਹੇ ਤੋਂ ਹੁੰਦੀ ਹੈ | ਇਸ ਲਈ ਸਰਹੱਦੀ ਜ਼ਿਲ੍ਹੇ ਦੇ ਐਸ.ਐਸ.ਪੀਜ਼ ਨੂੰ ਇਨ੍ਹਾਂ ਗੁਆਂਢੀ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਰੱਖਣ ਲਈ ਕਿਹਾ ਗਿਆ ਹੈ | ਉਨ੍ਹਾਂ ਦਸਿਆ ਕਿ ਮਾਲੇਰਕੋਟਲਾ ਵਿਚ ਨਸ਼ਾ ਤਸਕਰੀ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ ਜਿਥੇ ਨਸ਼ਾ ਤਸਕਰ ਰੋਹਿਤ ਸਾਹੀ ਉਰਫ਼ ਗੋਲਡੀ ਫ਼ੌਜ ਦੀ ਵਰਦੀ ਵਿਚ ਹੈਰੋਇਨ ਵੇਚਦਾ ਪਾਇਆ ਗਿਆ | ਪੁਲਿਸ ਨੇ ਉਸ ਦੀ ਕਾਰ ਵਿਚੋਂ 50 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ |