
ਇਕ ਰੋਜ਼ਾ ਰੈਂਕਿੰਗ ’ਚ ਤੀਜੇ ਸਥਾਨ ’ਤੇ ਬਰਕਰਾਰ ਭਾਰਤ
ਦੁਬਈ, 18 ਜੁਲਾਈ : ਭਾਰਤ ਨੇ ਸੋਮਵਾਰ ਨੂੰ ਆਈ.ਸੀ.ਸੀ. ਵਲੋਂ ਜਾਰੀ ਤਾਜ਼ਾ ਵਨਡੇ ਟੀਮ ਰੈਂਕਿੰਗ ਵਿਚ ਤੀਜਾ ਸਥਾਨ ਬਰਕਰਾਰ ਰਖਿਆ ਹੈ। ਰੋਹਿਤ ਸ਼ਰਮਾ ਦੀ ਟੀਮ ਨੇ ਇੰਗਲੈਂਡ ਵਿਰੁਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ 10 ਵਿਕਟਾਂ ਦੀ ਵੱਡੀ ਜਿੱਤ ਨਾਲ ਪਾਕਿਸਤਾਨ ਨੂੰ ਪਛਾੜਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਸੀ, ਜਦਕਿ ਐਤਵਾਰ ਨੂੰ ਰਿਸ਼ਭ ਪੰਤ ਦੇ ਸੈਂਕੜੇ ਦੀ ਬਦੌਲਤ ਫ਼ੈਸਲਾਕੁਨ ਮੈਚ ’ਚ ਪੰਜ ਵਿਕਟਾਂ ਦੀ ਜਿੱਤ ਨਾਲ ਉਹ ਤੀਜੇ ਸਥਾਨ ’ਤੇ ਕਾਇਮ ਹੈ।
ਨਿਊਜ਼ੀਲੈਂਡ ਅਜੇ ਵੀ 128 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ ਇੰਗਲੈਂਡ 121 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਤੀਜੇ ਨੰਬਰ ’ਤੇ ਕਾਬਜ਼ ਭਾਰਤ ਦਾ ਰੇਟਿੰਗ ਅੰਕ 109 ਹੈ, ਜਦਕਿ ਗੁਆਂਢੀ ਦੇਸ਼ ਪਾਕਿਸਤਾਨ 106 ਅੰਕਾਂ ਨਾਲ ਭਾਰਤ ਤੋਂ ਠੀਕ ਪਿਛੇ ਚੌਥੇ ਸਥਾਨ ’ਤੇ ਹੈ।
ਭਾਰਤ ਨੂੰ ਹੁਣ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ, ਜਿਥੇ ਉਹ ਕੈਰੇਬੀਅਨ ਟੀਮ ਵਿਰੁਧ ਤਿੰਨ ਮੈਚਾਂ ਦੀ ਲੜੀ ਖੇਡੇਗਾ। ਇਥੇ ਜਿੱਤ ਦਰਜ ਕਰ ਕੇ ਉਹ ਪਾਕਿਸਤਾਨ ’ਤੇ ਅਪਣੀ ਬੜ੍ਹਤ ਵਧਾ ਸਕਦਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਅਗਲੀ ਵਨਡੇ ਮੁਹਿੰਮ ਨੀਦਰਲੈਂਡ ਵਿਰੁਧ ਅਗੱਸਤ ਵਿਚ ਸ਼ੁਰੂ ਹੋਵੇਗੀ। (ਏਜੰਸੀ)