ਰਾਸ਼ਟਰਪਤੀ ਚੋਣ : 10 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ 'ਚ 100 ਫ਼ੀ ਸਦੀ ਰਿਕਾਰਡ ਵੋਟਿੰਗ
ਕੁਲ ਵੋਟਿੰਗ 99 ਫ਼ੀ ਸਦੀ ਤੋਂ ਵਧ
ਨਵੀਂ ਦਿੱਲੀ, 18 ਜੁਲਾਈ : ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਚੋਣ ਵਿਚ ਕੁਲ 4,796 ਵੋਟਰਾਂ ਵਿਚੋਂ 99 ਫ਼ੀ ਸਦੀ ਨੇ ਵੋਟਿੰਗ ਕੀਤੀ ਅਤੇ 10 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿਚ 100 ਫ਼ੀ ਸਦੀ ਵੋਟਿੰਗ ਹੋਈ | ਇਕ ਬਿਆਨ ਵਿਚ, ਕਮਿਸ਼ਨ ਨੇ ਕਿਹਾ ਕਿ ਦਿੱਲੀ ਅਤੇ ਪੁਡੂਚੇਰੀ ਸਮੇਤ ਦੇਸ਼ ਭਰ ਵਿਚ ਸੰਸਦ ਭਵਨ ਅਤੇ ਰਾਜ ਵਿਧਾਨ ਸਭਾਵਾਂ ਦੇ ਅੰਦਰ 30 ਕੇਂਦਰਾਂ ਵਿਚ ਚੋਣਾਂ ਇਕ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਫ਼ਲਤਾ ਪੂਰਵਕ ਕਰਵਾਈਆਂ ਗਈਆਂ |
ਬਿਆਨ ਵਿਚ ਕਿਹਾ ਗਿਆ, Tਪ੍ਰਾਪਤ ਰਿਪੋਰਟਾਂ ਅਨੁਸਾਰ ਵੋਟ ਪਾਉਣ ਦੇ ਹੱਕਦਾਰ ਕੁਲ 771 ਸੰਸਦ ਮੈਂਬਰ (05 ਖ਼ਾਲੀ) ਅਤੇ ਇਸੇ ਤਰ੍ਹਾਂ ਕੁਲ 4025 ਮੈਂਬਰ (06 ਖਾਲੀ ਅਤੇ 02 ਅਯੋਗ) ਵਿਧਾਨ ਸਭਾਵਾਂ ਦੀ ਵੋਟ ਦੇ ਹੱਕਦਾਰ ਹਨ, ਜਿਨ੍ਹਾਂ ਵਿਚੋਂ 99 ਪ੍ਰਤੀਸ਼ਤ ਤੋਂ ਵਧ ਨੇ ਅੱਜ ਵੋਟ ਪਾਈ |'' ਬਿਆਨ ਵਿਚ ਕਿਹਾ ਗਿਆ ਕਿ ਛੱਤੀਸਗੜ੍ਹ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਮਣੀਪੁਰ, ਸਿਕਿਮ, ਤਾਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਇਕਾਂ
ਨੇ 100 ਫ਼ੀ ਸਦੀ ਵੋਟਿੰਗ ਕੀਤੀ |
ਰਾਸ਼ਟਰਪਤੀ ਚੋਣ ਲਈ ਸੋਮਵਾਰ ਨੂੰ ਵੋਟਿੰਗ ਖ਼ਤਮ ਹੋ ਗਈ ਅਤੇ ਸੰਸਦ ਭਵਨ 'ਚ 98.90 ਫ਼ੀ ਸਦੀ ਵੋਟਰਾਂ ਨੇ ਅਪਣੀ ਵੋਟਾਂ ਦਾ ਇਸਤੇਮਾਲ ਕੀਤਾ | ਚੋਣ ਅਧਿਕਾਰੀ ਪੀਸੀ ਮੋਦੀ ਨੇ ਇਹ ਜਾਣਕਾਰੀ ਦਿਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਸੰਸਦ ਭਵਨ ਵਿਚ ਅਪਣੀ ਵੋਟ ਪਾਈ | ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਵਿਚ ਵੀ ਵੋਟਿੰਗ ਹੋਈ | ਵੱਖ-ਵੱਖ ਸਿਆਸੀ ਪਾਰਟੀਆਂ ਦੇ ਰੁਖ ਨੂੰ ਦੇਖਦਿਆਂ ਇਸ ਚੋਣ ਵਿਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਖ਼ਿਲਾਫ਼ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ |
ਰਿਟਰਨਿੰਗ ਅਫ਼ਸਰ ਮੋਦੀ ਨੇ ਵੋਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਚੋਣ ਕਮਿਸ਼ਨ ਨੇ ਸੰਸਦ ਭਵਨ ਵਿਚ 727 ਸੰਸਦ ਮੈਂਬਰਾਂ ਅਤੇ 9 ਵਿਧਾਇਕਾਂ ਸਮੇਤ 736 ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿਤੀ ਸੀ, ਜਿਨ੍ਹਾਂ ਵਿਚੋਂ 719 ਸੰਸਦ ਮੈਂਬਰਾਂ ਅਤੇ 9 ਵਿਧਾਇਕਾਂ ਸਮੇਤ 728 ਨੇ ਵੋਟ ਪਾਈ | ਇਸ ਤੋਂ ਪਹਿਲਾਂ ਅਧਿਕਾਰੀ ਨੇ ਕਿਹਾ ਸੀ ਕਿ ਛੇ ਸੰਸਦ ਮੈਂਬਰਾਂ ਨੇ ਅਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਪਰ ਅੰਕੜਿਆਂ ਨੂੰ ਸੋਧ ਕੇ ਅੱਠ ਕਰ ਦਿਤਾ ਗਿਆ | (ਏਜੰਸੀ)