
ਸਿਮਰਨਜੀਤ ਸਿੰਘ ਮਾਨ ਨੇ ਸੰਵਿਧਾਨ 'ਚ ਵਿਸ਼ਵਾਸ ਪ੍ਰਗਟ ਕਰਦਿਆਂ ਸੰਸਦ ਮੈਂਬਰ ਵਜੋਂ ਸਹੁੰ ਚੁਕੀ
ਸੰਸਦ ਤੋਂ ਬਾਹਰ ਆ ਕੇ ਕਿਹਾ, ਸਿੱਖ ਚਾਹੁੰਦੇ ਹਨ ਅਪਣਾ ਵਖਰਾ ਦੇਸ਼
ਨਵੀਂ ਦਿੱਲੀ, 18 ਜੁਲਾਈ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਪੰਜਾਬ ਤੋਂ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ 'ਅਤਿਵਾਦੀ' ਕਹਿਣ ਵਾਲੀ ਅਪਣੀ ਟਿਪਣੀ ਦਾ 'ਬਚਾਅ' ਕਰਦਿਆਂ ਕਿਹਾ ਕਿ 'ਸਿੱਖਾਂ ਦਾ ਵੱਖਰਾ ਦੇਸ਼ ਹੋਣਾ ਚਾਹੀਦਾ ਹੈ |'' ਪਿਛਲੇ ਮਹੀਨੇ ਹੋਈਆਂ ਜ਼ਿਮਨੀ ਚੋਣਾਂ 'ਚ ਸੰਗਰੂਰ ਸੀਟ ਤੋਂ ਜਿੱਤਣ ਤੋਂ ਬਾਅਦ ਮਾਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ 'ਚ ਸੰਵਿਧਾਨ ਦੇ ਨਾਂ 'ਤੇ ਸਹੁੰ ਚੁਕੀ ਅਤੇ ਦੇਸ਼ ਦੀ ਸ਼ਾਨ ਪ੍ਰਤੀ ਅਪਣੀ ਵਚਨਬੱਧਤਾ ਦਾ ਵਾਅਦਾ ਕੀਤਾ | ਪੰਜਾਬ ਦੇ ਕਈ ਕਾਂਗਰਸੀ ਮੈਂਬਰਾਂ ਨੇ ਬਿਰਲਾ ਦੇ ਚੈਂਬਰ ਵਿਚ ਮਾਨ ਦੇ ਸਹੁੰ ਚੁੱਕਣ ਦਾ ਵਿਰੋਧ ਕੀਤਾ | ਲੋਕ ਸਭਾ ਦੇ ਤਿੰਨ ਹੋਰ ਮੈਂਬਰਾਂ ਨੇ ਵੀ ਬਿਰਲਾ ਦੇ ਚੈਂਬਰ ਵਿਚ ਸਹੁੰ ਚੁਕੀ |
ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਸੰਸਦ ਦੇ ਵਿਦੇਸ਼ ਮਾਮਲਿਆਂ ਅਤੇ ਰਖਿਆ ਮਾਮਲਿਆਂ ਬਾਰੇ ਸਥਾਈ ਕਮੇਟੀ ਦਾ ਮੈਂਬਰ ਬਣਾਇਆ ਜਾਵੇ | ਸੰਸਦ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਭਗਤ ਸਿੰਘ ਬਾਰੇ ਅਪਣੀ ਵਿਵਾਦਿਤ ਟਿਪਣੀ ਦਾ ਬਚਾਅ ਕੀਤਾ | ਪੁੱਛੇ ਜਾਣ 'ਤੇ ਮਾਨ ਨੇ ਕਿਹਾ, ''ਭਗਤ ਸਿੰਘ ਨੇ ਇਕ ਨੌਜਵਾਨ, ਬਿ੍ਟਿਸ਼ ਨੇਵੀ ਅਫ਼ਸਰ ਨੂੰ ਮਾਰਿਆ ਸੀ | ਉਸ ਨੇ ਇਕ ਅੰਮਿ੍ਤਧਾਰੀ ਸਿੱਖ ਕਾਂਸਟੇਬਲ ਦਾ ਕਤਲ ਕੀਤਾ ਸੀ | ਤੁਸੀਂ ਉਸ ਸ਼ਖ਼ਸ ਨੂੰ ਕੀ ਕਹੋਗੇ ਜਿਸ ਨੇ ਸੰਸਦ 'ਚ ਬੰਬ ਸੁੱਟਿਆ? ਮੈਨੂੰ ਦਸੋ, ਉਸ ਨੂੰ ਕੀ ਕਹੋਗੇ?''
ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਮਾਨ ਨੇ ਕਿਹਾ ਕਿ ਉਹ ਖ਼ਾਲਿਸਤਾਨ ਦੇ ਮੁੱਦੇ 'ਤੇ ਅਪਣਾ ਸਮਰਥਨ ਜਾਰੀ ਰੱਖਣਗੇ |
ਉਨ੍ਹਾਂ ਕਿਹਾ, ''ਸਿੱਖਾਂ ਲਈ ਵਖਰਾ ਦੇਸ਼ ਹੋਣਾ ਚਾਹੀਦਾ ਹੈ | ਖ਼ਾਲਿਸਤਾਨ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ 'ਬਫਰ ਸਟੇਟ' ਵਜੋਂ ਕੰਮ ਕਰੇਗਾ |''
ਇਹ ਪੁੱਛੇ ਜਾਣ 'ਤੇ ਕਿ ਉਹ ਸਿੱਖਾਂ ਲਈ ਵੱਖਰੇ ਦੇਸ਼ ਦੀ ਗੱਲ ਕਿਉਂ ਕਰ ਰਹੇ ਹਨ, ਜਦਕਿ ਉਹ ਭਾਰਤ ਦੀ ਅਖੰਡਤਾ ਦੀ ਰਾਖੀ ਲਈ ਸਹੁੰ ਚੁੱਕ ਰਹੇ ਹਨ, ਤਾਂ ਉਨ੍ਹਾਂ ਕਿਹਾ, Tਤੁਸੀਂ ਇਸ ਬਾਰੇ ਮੈਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਲੱਦਾਖ਼ ਖੇਤਰ ਵਿਚ ਜੋ ਹੋ ਰਿਹਾ ਹੈ, ਉਸ ਬਾਰੇ ਤੁਸੀਂ ਕੀ ਕਹੋਗੇ? ਚੀਨ ਉਥੇ ਕੀ ਕਰ ਰਿਹਾ ਹੈ?'' ਮਾਨ ਨੇ ਸੰਗਰੂਰ ਤੋਂ ਅਪਣੀ ਜਿੱਤ ਖ਼ਾਲਿਸਤਾਨੀ ਅਤਿਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਮਰਪਿਤ ਕੀਤੀ | ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ | (ਏਜੰਸੀ)