
ਸੰਸਦ 'ਚ ਮਾਨਸੂਨ ਸੈਸ਼ਨ ਦਾ ਪਹਿਲਾ ਦਿਨ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਂਟ ਚੜਿ੍ਹਆ
ਦੁਧ, ਦਹੀਂ ਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਤੇ ਜੀ.ਐਸ.ਟੀ., ਮਹਿੰਗਾਈ, ਅਗਨੀਪੱਥ ਤੇ ਹੋਰ ਮਸਲਿਆਂ ਨੂੰ ਲੈ ਕੇ ਵਿਰੋਧੀ ਧਿਰ ਦਾ ਗੁੱਸਾ ਫੁਟਿਆ
ਨਵੀਂ ਦਿੱਲੀ, 18 ਜੁਲਾਈ : ਸੰਸਦ ਦੇ ਮਾਨਸੂਨ ਸੈਸ਼ਨ ਦੀ ਸੋਮਵਾਰ ਨੂੰ ਹੰਗਾਮੇਦਾਰ ਸ਼ੁਰੂਆਤ ਹੋਈ ਅਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਮਹਿੰਗਾਈ, ਦੁਧ ਤੇ ਦਹੀਂ ਸਮੇਤ ਕੱੁਝ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਲਗਾਏ ਜਾਣ, ਅਗਨੀਪਥ ਯੋਜਨਾ ਅਤੇ ਕੁੱਝ ਹੋਰ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਕੀਤਾ | ਹੰਗਾਮੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਵਿਘਨ ਪਿਆ | ਇਸ ਲਈ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ |
ਲੋਕ ਸਭਾ 'ਚ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਫ਼ੌਜ ਦੀ ਭਰਤੀ ਦੀ 'ਅਗਨੀਪਥ' ਯੋਜਨਾ ਅਤੇ ਮਹਿੰਗਾਈ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਸਦਨ 'ਚ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ | ਇਕ ਵਾਰੀ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 2 ਵਜੇ ਪੂਰੇ ਦਿਨ ਲਈ ਚੁੱਕ ਦਿਤੀ ਗਈ | ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਕਾਂਗਰਸ ਅਤੇ ਕੱੁਝ ਹੋਰ ਪਾਰਟੀਆਂ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਚੇਅਰ ਦੇ ਨੇੜੇ ਪਹੁੰਚ ਗਏ | ਕੁੱਝ ਮੈਂਬਰਾਂ ਨੇ ਹੱਥਾਂ ਵਿਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ 'ਤੇ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਦਾ ਜ਼ਿਕਰ ਕੀਤਾ ਗਿਆ ਸੀ |
ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਕੁੱਝ ਕਹਿਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ, ਹਾਲਾਂਕਿ ਉਨ੍ਹਾਂ ਨੂੰ
ਚੇਅਰ ਨੇ ਇਜਾਜ਼ਤ ਨਹੀਂ ਦਿਤੀ | ਹੰਗਾਮੇ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮਹਿੰਗਾਈ ਸਮੇਤ ਹੋਰ ਮੁੱਦੇ ਉਠਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ | ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਲੋਕ ਸਭਾ ਦੀ ਬੈਠਕ ਤਿੰਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਉਣ ਦੇ ਨਾਲ ਸ਼ੁਰੂ ਹੋਈ | ਇਸ ਤੋਂ ਬਾਅਦ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਜੋ ਆਬੇ, ਸੰਯੁਕਤ ਅਰਬ ਅਮੀਰਾਤ ਦੇ ਸਾਬਕਾ ਰਾਸ਼ਟਰਪਤੀ ਸੇਖ ਖਲੀਫ਼ਾ ਬਿਨ ਜਾਏਦ ਅਲ ਨਾਹਯਾਨ, ਕੀਨੀਆ ਦੇ ਸਾਬਕਾ ਰਾਸ਼ਟਰਪਤੀ ਮਵਾਈ ਕਿਬਾਕੀ ਅਤੇ ਕੁੱਝ ਹੋਰ ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੀਟਿੰਗ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿਤੀ ਗਈ |
ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਇਕ ਘੰਟੇ ਦੇ ਅੰਦਰ ਹੀ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਅਤੇ ਅੱਜ ਹੋਈ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਕਾਰਨ ਇਸ ਨੂੰ ਦਿਨ ਭਰ ਲਈ ਮੁਲਤਵੀ ਕਰ ਦਿਤਾ ਗਿਆ | ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਬੈਠਕ ਸ਼ੁਰੂ ਹੋਣ 'ਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁਕਾਈ | ਇਸ ਤੋਂ ਬਾਅਦ ਚੇਅਰਮੈਨ ਨਾਇਡੂ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਾਰਜਕਾਲ ਦਾ ਆਖ਼ਰੀ ਸੈਸ਼ਨ ਹੈ ਅਤੇ ਉਨ੍ਹਾਂ ਨੇ ਇਸ ਦੌਰਾਨ ਸਾਰਿਆਂ ਤੋਂ ਕੁੱਝ ਨਾ ਕੁੱਝ ਸਿਖਿਆ ਹੈ | ਇਸ ਦੌਰਾਨ ਕਾਂਗਰਸ ਦੇ ਕਈ ਮੈਂਬਰ ਚੇਅਰ ਨੇੜੇ ਆ ਗਏ ਅਤੇ ਅਪਣੀਆਂ ਵੱਖ-ਵੱਖ ਮੰਗਾਂ ਦੇ ਹੱਕ ਵਿਚ ਨਾਹਰੇਬਾਜੀ ਕਰਨ ਲੱਗੇ | ਉਹ ਸਰਕਾਰ ਤੋਂ ਮਹਿੰਗਾਈ ਸਮੇਤ ਕਈ ਮੁੱਦਿਆਂ 'ਤੇ ਜਵਾਬ ਮੰਗ ਰਹੇ ਸਨ |
ਨਾਇਡੂ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਅਤੇ ਸਦਨ ਨੂੰ ਚੱਲਣ ਦੇਣ ਦੀ ਅਪੀਲ ਕੀਤੀ | ਪਰ ਵਿਰੋਧ ਕਰ ਰਹੇ ਮੈਂਬਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ | ਇਸ 'ਤੇ ਨਾਇਡੂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੱੁਝ ਮੈਂਬਰ ਤੈਅ ਕਰ ਕੇ ਆਏ ਹਨ ਕਿ ਉਹ ਸਦਨ ਨਹੀਂ ਚੱਲਣ ਦੇਣਗੇ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਵਿਚ ਮੈਂਬਰਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਲਈ ਉਹ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਰਹੇ ਹਨ | (ਏਜੰਸੀ)