
ਸ਼ੋ੍ਰਮਣੀ ਅਕਾਲੀ ਦਲ ਅੰਦਰ ਸੁਲਗ ਰਹੀ ਬਗ਼ਾਵਤ ਦੀ ਚਿੰਗਾੜੀ ਹੁਣ ਭਾਂਬੜ ਬਣਨ ਲੱਗੀ
ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਦਾ ਫ਼ੈਸਲਾ ਠੁਕਰਾਉਂਦੇ ਹੋਏ ਰਾਸ਼ਟਰਪਤੀ ਚੋਣ ਦਾ ਕੀਤਾ ਬਾਈਕਾਟ
ਚੰਡੀਗੜ੍ਹ, 18 ਜੁਲਾਈ (ਗੁਰਉਪਦੇਸ਼ ਭੁੱਲਰ): ਵਿਧਾਨ ਸਭਾ ਚੋਣਾਂ ਤੇ ਹੁਣ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਹਾਸ਼ੀਏ 'ਤੇ ਜਾਣ ਬਾਅਦ ਸ਼ੋ੍ਰਮਣੀ ਅਕਾਲੀ ਦਲ ਅੰਦਰ ਸੁਲਗ ਰਹੀਆਂ ਬਗ਼ਾਵਤ ਦਆਂ ਚਿੰਗਾੜੀਆਂ ਹੁਣ ਭਾਂਬੜ ਬਣਦੀਆਂ ਦਿਖਾਈ ਦੇ ਰਹੀਆਂ ਹਨ | ਪਾਰਟੀ ਵਿਧਾਇਕ ਗਰੁਪ ਦੇ ਨੇਤਾ ਮਨਪੀ੍ਰਤ ਸਿੰਘ ਇਯਾਲੀ ਨੇ ਅੱਜ ਪਾਰਟੀ ਦੇ ਫ਼ੈਸਲੇ ਨੂੰ ਖੁਲ੍ਹੇਆਮ ਠੁਕਰਾਉਂਦੇ ਹੋਏ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਕਰ ਦਿਤਾ | ਉਨ੍ਹਾਂ ਨੇ ਗੱਲ ਸਿਰਫ਼ ਰਾਸ਼ਟਰਪਤੀ ਦੀ ਚੋਣ ਦੇ ਬਾਈਕਾਟ ਤਕ ਹੀ ਸੀਮਤ ਨਹੀਂ ਰੱਖੀ ਬਲਕਿ ਪਾਰਟੀ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਵੀ ਉਠਾ ਦਿਤੀ ਹੈ ਅਤੇ ਇਕਬਾਲ ਸਿੰਘ ਝੂੰਦਾਂ ਕਮੇਟੀ ਦੀ ਰੀਪੋਰਟ ਲਾਗੂ ਕਰਨ 'ਤੇ ਜ਼ੋਰ ਦਿਤਾ ਹੈ | ਇਸ ਤੋਂ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਅਤੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਦਲ ਦੇ ਸੀਨੀਅਰ ਆਗੂ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਪਾਰਟੀ ਦੀ ਲੀਡਰਸ਼ਿਪ 'ਤੇ ਸਵਾਲ ਉਠਾ ਚੁੱਕੇ ਹਨ | ਇਸ ਤਰ੍ਹਾਂ ਹੁਣ ਖੁਲ੍ਹੇ ਤੌਰ 'ਤੇ ਬਾਦਲਾਂ ਦੀ ਅਗਵਾਈ ਤੋਂ ਅਕਾਲੀ ਦਲ ਨੂੰ ਮੁਕਤ ਕਰਨ ਲਈ ਪਾਰਟੀ ਵਿਚੋਂ ਹੀ ਆਵਾਜ਼ਾਂ ਉਠਣ ਲੱਗੀਆਂ ਹਨ |
ਅੱਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਅਪਣਾਏ ਬਾਗ਼ੀ ਰੁਖ਼ ਬਾਅਦ ਹੁਣ ਦਲ ਦੇ ਅੰਦਰ ਬਗ਼ਾਵਤੀ
ਸੁਰਾਂ ਹੋਰ ਤਿਖੀਆਂ ਹੋਣਗੀਆਂ | ਇਹ ਬਾਦਲਾਂ ਲਈ ਸਿੱਧੇ ਤੌਰ 'ਤੇ ਖ਼ਤਰੇ ਦੀ ਘੰਟੀ ਹੈ, ਜੋ ਚੋਣਾਂ ਵਿਚ ਸ਼ਰਮਨਾਕ ਹਾਰਾਂ ਦੇ ਬਾਵਜੂਦ ਅਹੁਦੇ ਛੱਡਣ ਲਈ ਤਿਆਰ ਨਹੀਂ ਜਦਕਿ ਚੋਣਾਂ ਦੇ ਮੰਥਨ ਲਈ ਬਣਾਈ ਗਈ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਕਮੇਟੀ ਵੀ ਪਾਰਟੀ ਨੂੰ ਮੁੜ ਖੜਾ ਕਰਨ ਲਈ ਲੀਡਰਸ਼ਿਪ ਤਬਦੀਲੀ ਦੀ ਸਿਫ਼ਾਰਸ਼ ਕਰ ਚੁੱਕੀ ਹੈ | ਭਾਵੇਂ ਕਿ ਇਹ ਰੀਪੋਰਟ ਫ਼ਿਲਹਾਲ ਠੰਢੇ ਬਸਤੇ ਵਿਚ ਪਾ ਕੇ ਰੱਖੀ ਗਈ ਹੈ |