
ਲਾਪਤਾ ਹੋਣ ਤੋਂ 36 ਘੰਟਿਆਂ ਬਾਅਦ ਕਾਲੀ ਵੇਈਂ 'ਚੋਂ ਮਿਲੀ ਲਾਸ਼
ਕਪੂਰਥਲਾ ਜ਼ਿਲ੍ਹੇ ਦੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਆੜ੍ਹਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਲਾਪਤਾ ਹੋਣ ਤੋਂ 36 ਘੰਟੇ ਬਾਅਦ ਉਸ ਦੀ ਲਾਸ਼ ਕਾਲੀ ਵੇਈਂ ਵਿਚੋਂ ਮਿਲੀ ਸੀ। ਹਾਲਾਂਕਿ ਪ੍ਰਵਾਰ ਨੇ ਕਿਸੇ ਵੀ ਤਰ੍ਹਾਂ ਦੇ ਡਿਪਰੈਸ਼ਨ 'ਚ ਹੋਣ ਅਤੇ ਕਿਸੇ ਨਾਲ ਲੈਣ-ਦੇਣ ਦਾ ਝਗੜਾ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੇ ਬਾਵਜੂਦ ਅਜੇ ਤਕ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਕਾਰੋਬਾਰ 'ਚ ਘਾਟਾ ਪੈਣ 'ਤੇ ਪਿਤਾ ਹੋਇਆ ਲਾਪਤਾ, ਲੈਣਦਾਰਾਂ ਤੋਂ ਤੰਗ ਆਏ ਮਾਸੂਮ ਨੇ ਲਗਾਇਆ ਫਾਹਾ
ਇਸ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ. ਬਬਨਦੀਪ ਸਿੰਘ ਨੇ ਦਸਿਆ ਕਿ ਕਾਲੀ ਵੇਈਂ ਦੇ ਕੰਢੇ ਤੋਂ ਆੜ੍ਹਤੀ ਰਾਜੇਸ਼ ਕੁਮਾਰ ਪੁਰੀ ਦੀ ਐਕਟਿਵਾ ਅਤੇ ਚੱਪਲਾਂ ਬਰਾਮਦ ਹੋਈਆਂ ਹਨ। ਪ੍ਰਵਾਰਕ ਮੈਂਬਰਾਂ ਵਲੋਂ ਖ਼ੁਦਕੁਸ਼ੀ ਕਰਨ ਦੇ ਸ਼ੱਕ ’ਤੇ ਐਸ.ਡੀ.ਆਰ.ਐਫ. ਦੀ ਟੀਮ ਅਤੇ ਪ੍ਰਾਈਵੇਟ ਗੋਤਾਖੋਰਾਂ ਵਲੋਂ ਬਚਾਅ ਮੁਹਿੰਮ ਚਲਾਈ ਗਈ, ਜਿਨ੍ਹਾਂ ਨੇ ਆੜ੍ਹਤੀ ਦੀ ਲਾਸ਼ ਬਰਾਮਦ ਕੀਤੀ।
ਮਾਡਲ ਟਾਊਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਰਾਜੇਸ਼ ਕੁਮਾਰ ਪੁਰੀ ਸੋਮਵਾਰ ਸਵੇਰੇ ਸੈਰ ਕਰਨ ਲਈ ਨਿਕਲਿਆ ਸੀ ਪਰ ਕਾਫੀ ਦੇਰ ਤਕ ਵਾਪਸ ਨਾ ਆਉਣ 'ਤੇ ਜਦੋਂ ਪ੍ਰਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਤਾਂ ਉਸ ਦੀ ਐਕਟਿਵਾ ਅਤੇ ਕਾਲੀ ਵੇਈਂ ਦੇ ਕੰਢੇ ਚੱਪਲਾਂ ਮਿਲੀਆਂ ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਖ਼ੁਦਕੁਸ਼ੀ ਦਾ ਖ਼ਦਸ਼ਾ ਪ੍ਰਗਟਾਇਆ ਸੀ।