
ਦਿੱਲੀ ਸਿੱਖਿਆ ਮਾਡਲ 'ਤੇ ਨਿਊਯਾਰਕ ਟਾਈਮਜ਼ ਦੀ ਖ਼ਬਰ ਇਸ਼ਤਿਹਾਰ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਮਲਵਿੰਦਰ ਕੰਗ ਨੇ ਕਿਹਾ- ਅਖ਼ਬਾਰ ਨੇ ਖੁਦ ਸਪਸ਼ਟ ਕੀਤਾ ਕਿ ਖ਼ਬਰ ਪ੍ਰਮਾਣਿਕ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਵਰ੍ਹਦਿਆਂ ਉਨ੍ਹਾਂ ਨੂੰ ਸਿਰਫ ਸੁਰਖ਼ੀਆਂ 'ਚ ਬਣੇ ਰਹਿਣ ਲਈ ਝੂਠੀਆਂ ਖਬਰਾਂ ਫੈਲਾਉਣ ਲਈ ਲਤਾੜਿਆ ਅਤੇ ਤੁਰੰਤ ਮੁਆਫੀ ਮੰਗਣ ਦੀ ਸਲਾਹ ਦਿੱਤੀ। ਇੱਕ ਬਿਆਨ ਜਾਰੀ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਜਾਣਬੁੱਝ ਕੇ ਦਿੱਲੀ ਮਾਡਲ ਨੂੰ ਨਿਊਯਾਰਕ ਟਾਈਮਜ਼ ਦੁਆਰਾ ਦਿੱਤੀ ਫਰੰਟ ਪੇਜ ਕਵਰੇਜ ਨੂੰ ਝੂਠੀ ਖ਼ਬਰ ਕਰਾਰ ਦਿੱਤਾ ਹੈ। ਜਦਕਿ ਅੱਜ ਅਖਬਾਰ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਇਹ ਖ਼ਬਰ ਪ੍ਰਮਾਣਿਕ ਹੈ। ਉਹਨਾਂ ਕਿਹਾ ਕਿ ਨਿਊਯਾਰਕ ਟਾਇਮਜ਼ ਸੁਤੰਤਰ ਅਤੇ ਨਿਰਪੱਖ ਪੱਤਰਕਾਰਿਤਾ ਕਰਦੀ ਹੈ।
Malvinder Singh Kang
ਖਹਿਰਾ ਨੂੰ ਗੁੰਮਰਾਹਕੁੰਨ ਮਿਜ਼ਾਈਲ ਕਰਾਰ ਦਿੰਦੇ ਹੋਏ ਕੰਗ ਨੇ ਖਹਿਰਾ ਨੂੰ 'ਆਪ' 'ਤੇ ਲਗਾਏ ਦੋਸ਼ਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਅਸਫ਼ਲ ਰਹਿਣ 'ਤੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਛਵੀ ਖ਼ਰਾਬ ਕਰਨ ਅਤੇ ਝੂਠੀਆਂ ਖਬਰਾਂ ਫੈਲਾਉਣ ਲਈ ਬਿਨਾ ਸ਼ਰਤ ਮੁਆਫੀ ਮੰਗਣ।
ਉਨ੍ਹਾਂ ਕਿਹਾ ਕਿ ਨਿਊਯਾਰਕ ਟਾਈਮਜ਼ ਨੇ ਵਿਰੋਧੀਆਂ ਦੇ ਇਸ ਖਬਰ ਨੂੰ ਇਸ਼ਤਿਹਾਰ ਕਹਿਣ ਦੇ ਦਾਅਵਿਆਂ ਨੂੰ ਖਾਰਜ ਕੀਤਾ ਅਤੇ ਸਪੱਸ਼ਟ ਕੀਤਾ ਕਿ ਦਿੱਲੀ ਸਿੱਖਿਆ ਮਾਡਲ 'ਤੇ ਲੇਖ ਪ੍ਰਮਾਣਿਕ ਸੀ। ਪਰ ਖਹਿਰਾ ਨੇ ਫਿਰ ਵੀ ਆਪਣੀ ਸਿਆਸੀ ਬਦਲਾਖੋਰੀ ਜਾਰੀ ਰੱਖਦਿਆਂ 'ਆਪ' ਪਾਰਟੀ ਵਿਰੁੱਧ ਝੂਠੀਆਂ ਖ਼ਬਰਾਂ ਜਾਰੀ ਕੀਤੀਆਂ।