
ਟਰੈਕਟਰ, ਕਾਰ, ਸਕੂਟੀ ਬਰਾਮਦ
ਲੁਧਿਆਣਾ: ਲੁਧਿਆਣਾ ਪੁਲਿਸ ਨੇ 4 ਲੱਕੀ ਡਰਾਅ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚਾਰੇ ਲੋਕਾਂ ਨੂੰ ਸਰਕਾਰੀ ਲਾਟਰੀ ਦੱਸ ਕੇ ਆਪਣਾ ਸ਼ਿਕਾਰ ਬਣਾਉਂਦੇ ਸੀ। ਲੋਕਾਂ ਤੋਂ ਪੈਸੇ ਇਕੱਠੇ ਕਰਕੇ ਉਨ੍ਹਾਂ ਨੂੰ ਸਵਰਾਜ ਟਰੈਕਟਰ, ਬਰੇਜ਼ਾ ਕਾਰ, ਇਲੈਕਟ੍ਰਿਕ ਸਕੂਟੀ, ਹੀਟਰ ਦਾ ਇਨਾਮ ਦਿਵਾਉਣ ਦਾ ਲਾਲਚ ਦਿੰਦੇ ਸਨ। ਮੁਲਜ਼ਮਾਂ ਦੀ ਪਛਾਣ ਮਨਸਿਮਰਨ ਸਿੰਘ ਵਾਸੀ ਵਿਸ਼ਵਕਰਮਾ ਕਲੋਨੀ, ਜਸਵਿੰਦਰ ਸਿੰਘ ਵਾਸੀ ਦੁੱਗਰੀ, ਸਤਨਾਮ ਸਿੰਘ ਵਾਸੀ ਸੰਗਰੂਰ ਅਤੇ ਗੁਰਬਚਨ ਸਿੰਘ ਵਾਸੀ ਖੰਨਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਲੇਹ ਲੱਦਾਖ ਦੀ ਪੈਂਗੌਂਗ ਝੀਲ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ, ਤਸਵੀਰਾਂ ਕੀਤੀਆਂ ਸਾਂਝੀਆਂ
ਪੁਲਿਸ ਨੇ ਮੁਲਜ਼ਮਾਂ ਕੋਲੋਂ ਸਵਰਾਜ ਟਰੈਕਟਰ, ਬਰੇਜ਼ਾ ਕਾਰ, ਇਲੈਕਟ੍ਰਿਕ ਸਕੂਟੀ, 2 ਹੀਟਰ, 4 ਪ੍ਰੈਸ ਅਤੇ 97 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮ ਪੰਜਾਬ ਦੇ ਕਿਹੜੇ-ਕਿਹੜੇ ਸ਼ਹਿਰਾਂ ਵਿਚ ਲੋਕਾਂ ਨਾਲ ਠੱਗੀ ਮਾਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਛੁੱਟੀ 'ਤੇ ਆਏ ਸੂਬੇਦਾਰ ਦੀ ਸੜਕ ਹਾਦਸੇ ਵਿਚ ਹੋਈ ਮੌਤ
ਏਸੀਪੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇੰਸਪੈਕਟਰ ਬੇਅੰਤ ਜੁਨੇਜਾ ਦੀ ਟੀਮ ਨੇ ਠੱਗਾਂ ਦੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਰੀਬ 400 ਲੋਕ ਠੱਗੇ ਗਏ ਹਨ। ਲੋਕਾਂ ਨੂੰ ਆਕਰਸ਼ਕ ਤੋਹਫ਼ਿਆਂ ਦਾ ਲਾਲਚ ਦੇ ਕੇ ਧੋਖਾਧੜੀ ਦੇ ਜਾਲ ਵਿਚ ਫਸਾਇਆ ਜਾਂਦਾ ਸੀ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦਸਿਆ ਕਿ ਮੁਲਜ਼ਮ ਲੋਕਾਂ ਤੋਂ 400 ਤੋਂ 600 ਰੁਪਏ ਦੀਆਂ ਡਰਾਅ ਸਲਿੱਪਾਂ ਲੈਂਦੇ ਸਨ, ਮੁਲਜ਼ਮਾਂ ਕੋਲੋਂ ਪਰਚੀਆਂ ਬਰਾਮਦ ਕੀਤੀਆਂ ਜਾ ਰਹੀਆਂ ਹਨ।