
ਪ੍ਰਵਾਰ ਨੇ ਸਰਕਾਰ ਤੋਂ ਮਦਦ ਦੀ ਕੀਤੀ ਮੰਗ
ਫਾਜ਼ਿਲਕਾ: ਫਾਜ਼ਿਲਕਾ ਦੇ ਸਰਹੱਦੀ ਪਿੰਡ ਝਿੰਗੜ ਭੈਣੀ ਵਿਚ ਦੋ ਮੱਝਾਂ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਵਾਸੀ ਕਰਮ ਸਿੰਘ ਪਿੰਡ ਝਿੰਗੜ ਭੈਣੀ ਨੇ ਦਸਿਆ ਕਿ ਉਹ ਬੀਤੀ ਸ਼ਾਮ ਮੱਝਾਂ ਨੂੰ ਚਾਰਾ ਖੁਆ ਰਿਹਾ ਸੀ। ਇਸ ਤੋਂ ਬਾਅਦ ਮੱਝਾਂ ਅਚਾਨਕ ਆਪਣੇ ਕਿੱਲੇ ਨੂੰ ਛੱਡ ਕੇ ਨੇੜੇ ਹੀ ਵਗਦੇ ਪਾਣੀ ਕੋਲ ਚਲੀਆਂ ਗਈਆਂ। ਬਾਅਦ ਵਿਚ ਉਨ੍ਹਾਂ ਨੇ ਉਸ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਬੜੀ ਮੁਸ਼ਕਲ ਨਾਲ ਘਰ ਵਾਪਸ ਲਿਆਂਦਾ।
ਜਦੋਂ ਮੱਝਾਂ ਘਰ ਪਹੁੰਚੀਆਂ ਤਾਂ ਅਚਾਨਕ ਇਕ ਮੱਝ ਹੇਠਾਂ ਡਿੱਗ ਪਈ ਅਤੇ ਡਿੱਗਦੇ ਸਾਰ ਹੀ ਮਰ ਗਈ। ਇਸ ਤੋਂ ਬਾਅਦ ਉਸ ਦੀ ਦੂਜੀ ਮੱਝ ਵੀ ਅਚਾਨਕ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਉਸ ਨੇ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ। ਇਸ ਦੌਰਾਨ ਜਦੋਂ ਡਾਕਟਰ ਮੱਝ ਦੀ ਜਾਂਚ ਕਰ ਰਿਹਾ ਸੀ ਕਿ ਦੂਜੀ ਮੱਝ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਘਰ ਨੂੰ ਲੱਗੀ ਅੱਗ, ਧੀ ਦੇ ਦਾਜ ਲਈ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੀਆਂ ਮੱਝਾਂ ਦੀ ਮੌਤ ਕਿਵੇਂ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਜਿਹਾ ਜਾਂ ਤਾਂ ਮੱਝਾਂ ਦੇ ਡੂੰਘੇ ਪਾਣੀ ਵਿਚ ਜਾਣ ਕਾਰਨ ਉਨ੍ਹਾਂ ਦੇ ਢਿੱਡ ਵਿਚ ਪਾਣੀ ਵੜ ਜਾਣ ਕਾਰਨ ਹੋਇਆ ਹੈ ਜਾਂ ਫਿਰ ਉਨ੍ਹਾਂ ਨੂੰ ਦਿਤੇ ਜਾਣ ਵਾਲੇ ਚਾਰੇ ਕਾਰਨ ਹੋਇਆ।
ਇਹ ਵੀ ਪੜ੍ਹੋ: ਮੁੰਬਈ 'ਚ ਇਨਸਾਨੀਅਤ ਸ਼ਰਮਸਾਰ, ਔਰਤ ਨੇ ਕੁੱਤੇ 'ਤੇ ਸੁੱਟਿਆ ਤੇਜ਼ਾਬ, ਗ੍ਰਿਫ਼ਤਾਰ
ਉਨ੍ਹਾਂ ਨੇ ਦਸਿਆ ਕਿ ਉਸ ਦੀਆਂ ਦੋ ਮੱਝਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਨੂੰ ਵੱਡਾ ਘਾਟਾ ਝੱਲਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਕ ਮੱਝ ਦੀ ਕੀਮਤ 70-80 ਹਜ਼ਾਰ ਰੁਪਏ ਹੈ। ਇਸ ਹਿਸਾਬ ਨਾਲ ਉਨ੍ਹਾਂ ਦਾ ਡੇਢ ਤੋਂ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੱਝਾਂ ਦੀ ਮੌਤ ਕਾਰਨ ਉਨ੍ਹਾਂ ਨੂੰ ਮੁਆਵਜ਼ਾ ਦਿਤਾ ਜਾਵੇ।
ਇਸ ਦੇ ਨਾਲ ਹੀ ਵੈਟਰਨਰੀ ਅਫ਼ਸਰ ਡਾ. ਸਾਹਿਲ ਸੇਤੀਆ ਨੇ ਦਸਿਆ ਕਿ ਮੱਝਾਂ ਦੀ ਮੌਤ ਚਾਰੇ ਨੂੰ ਸਹੀ ਢੰਗ ਨਾਲ ਨਾ ਖਾਣ ਕਾਰਨ ਉਨ੍ਹਾਂ ਦੇ ਅੰਦਰ ਜ਼ਹਿਰ ਬਣ ਜਾਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਚਾਰਾ ਖੁਆਉਣ ਦੀ ਇੱਕ ਵੱਖਰੀ ਪ੍ਰਕਿਰਿਆ ਹੈ, ਜਿਸ ਬਾਰੇ ਕੁਝ ਕਿਸਾਨ ਨਹੀਂ ਜਾਣਦੇ। ਜਿਸ ਕਾਰਨ ਇਹ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦਾ ਹੈ।