
ਮੇਰੇ ਲਈ ਮੁੱਖ ਮੰਤਰੀ ਦਾ ਅਹੁਦਾ ਮਾਇਨੇ ਨਹੀਂ ਰੱਖਦਾ ਹੈ, ਮੈਂ ਸਿਰਫ ਕਾਂਗਰਸ ਦਾ ਵਰਕਰ ਬਣ ਕੇ ਹੀ ਖੁਸ਼ ਹਾਂ।
ਚੰਡੀਗੜ੍ਹ : ਮੁੱਖ ਮੰਤਰੀ ਬਣਨ ਦੀ ਰੇਸ ਵਿਚ ਅੱਗੇ ਚੱਲ ਰਹੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਦਾ ਐਲਾਨ ਅਗਲੇ ਦੋ-ਤਿੰਨ ਘੰਟਿਆਂ ਵਿਚ ਕਰ ਦਿੱਤਾ ਜਾਵੇਗਾ। ਚੰਡੀਗੜ੍ਹ ਵਿਚ ਮੀਡੀਆ ਅੱਗੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੇਰੇ ਲਈ ਮੁੱਖ ਮੰਤਰੀ ਦਾ ਅਹੁਦਾ ਮਾਇਨੇ ਨਹੀਂ ਰੱਖਦਾ ਹੈ, ਮੈਂ ਸਿਰਫ ਕਾਂਗਰਸ ਦਾ ਵਰਕਰ ਬਣ ਕੇ ਹੀ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਮੈਨੂੰ ਕੈਬਨਿਟ ਵਿਚ ਬਿਹਤਰੀਨ ਅਹੁਦਾ ਦਿੱਤਾ ਗਿਆ ਅਤੇ ਮੈਂ ਸਾਢੇ ਚਾਰ ਸਾਲਾਂ ਵਿਚ ਕੈਬਨਿਟ ਵਿਚ ਵਧੀਆ ਕੰਮ ਕੀਤਾ ਹੈ। ਉਹੀ ਮੇਰੇ ਲਈ ਕਾਫੀ ਹੈ ਅਤੇ ਮੈਨੂੰ ਹੋਰ ਕਿਸੇ ਵੀ ਅਹੁਦੇ ਦਾ ਲਾਲਚ ਨਹੀਂ ਹੈ।
ਕੈਪਨਟ ਅਮਰਿੰਦਰ ਸਿੰਘ ਸੰਬੰਧੀ ਪੁੱਛੇ ਸਵਾਲ ’ਤੇ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੇਰੇ ਪਰਿਵਾਰ ਨਾਲ ਬਹੁਤ ਚੰਗੇ ਸੰਬੰਧ ਹਨ ਅਤੇ ਮੈਂ ਵੀ ਕੈਪਟਨ ਦਾ ਪੂਰਾ ਸਨਮਾਨ ਕਰਦਾ ਹਾਂ। ਮੈਂ ਜਦੋਂ ਤੋਂ ਪਾਰਟੀ ਵਿਚ ਹਾਂ ਉਦੋਂ ਤਕ ਕੈਪਟਨ ਦਾ ਵਫ਼ਾਦਾਰ ਬਣ ਕੇ ਰਿਹਾ ਪਰ ਜਦੋਂ ਕੈਪਟਨ ਨੇ ਮੇਰਾ ਦਿਲ ਦੁਖਾਇਆ ਤਾਂ ਮੈਂ ਪਿੱਛੇ ਹਟ ਗਿਆ। ਰੰਧਾਵਾ ਨੇ ਸਾਫ਼ ਕਿਹਾ ਕਿ ਮੁੱਖ ਮੰਤਰੀ ਉਹੀ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੀ ਪਾਰਟੀ ਹੋਵੇ।