Punjab News: ਡਾਕਟਰਾਂ ਦੀ ਜੱਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਨੇ ਸਿਵਲ ਸਰਜਨ ਬਰਨਾਲਾ ’ਤੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ
Punjab News: ਬਰਨਾਲਾ ਜ਼ਿਲ੍ਹੇ ਦੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਤੇ ਉਨ੍ਹਾਂ ਦੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਸਿਹਤ ਵਿਭਾਗ ਪੰਜਾਬ ਵਲੋਂ ਦੋਵਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਦੋਵਾਂ ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਡਾਕਟਰਾਂ ਦੀ ਜੱਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਨੇ ਸਿਵਲ ਸਰਜਨ ਬਰਨਾਲਾ ’ਤੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ ਕਿ ਉਹ ਆਪਣੇ ਰੁਟੀਨ ਕੰਮ ਲਈ ਵੀ ਰਿਸ਼ਵਤ ਦੇਣ ਲਈ ਮਜਬੂਰ ਹਨ। ਜਿਸ 'ਤੇ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਡਾਇਰੈਕਟਰ ਅਨਿਲ ਗੋਇਲ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ 27 ਅਗਸਤ ਨੂੰ ਬਰਨਾਲਾ ਵਿਖੇ ਆ ਕੇ ਤਫ਼ਤੀਸ਼ ਕੀਤੀ, ਜਿਸ ਵਿਚ ਉਨ੍ਹਾਂ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੂੰ ਲੰਬੀ ਛੁੱਟੀ, ਤਰੱਕੀ, ਪਲੇਸਮੈਂਟ ਅਤੇ ਪੈਨਸ਼ਨ ਕੇਸ ਸਬੰਧੀ ਰਿਕਾਰਡ ਲਿਆਉਣ ਦੀ ਹਦਾਇਤ ਵੀ ਕੀਤੀ ਸੀ। ਇਸ ਉਪਰੰਤ ਸੂਤਰਾਂ ਅਨੁਸਾਰ ਸਿਵਲ ਸਰਜਨ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨ ਲਿਆ, ਜਿਸ ਤੋਂ ਬਾਅਦ ਦੋਵਾਂ ਉਪਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਪੰਜਾਬ ਸਰਕਾਰ ਨੇ ਸਿਵਲ ਸਰਜਨ ਡਾ.ਹਰਿੰਦਰ ਕੁਮਾਰ ਦੀ ਮੁਅੱਤਲੀ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਜਸਪ੍ਰੀਤ ਸਿੰਘ ਨੂੰ ਸਿਵਲ ਸਰਜਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਦਕਿ ਇਸਤੋਂ ਪਹਿਲਾਂ ਜਦੋਂ ਵੀ ਸਿਵਲ ਸਰਜਨ ਦੀ ਪੋਸਟ ਖਾਲੀ ਹੁੰਦੀ ਸੀ ਤਾਂ ਉਸਦਾ ਚਾਰਜ ਕਿਸੇ ਹੋਰ ਸੀਨੀਅਰ ਅਧਿਕਾਰੀ ਨੂੰ ਦਿੱਤਾ ਜਾਂਦਾ ਸੀ ਜਾਂ ਐਸਐਮਐਸ ਬਰਨਾਲਾ ਇਹ ਕੰਮ ਦੇਖਦੇ ਸਨ।
ਸਿਵਲ ਸਰਜਨ ਵਿਰੁੱਧ ਕੀਤੀ ਕਾਰਵਾਈ ਤੋਂ ਜਾਪਦਾ ਹੈ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਸਖ਼ਤੀ ਵਿੱਢੀ ਦਿੱਤੀ ਹੈ। ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿਚ ਇਹ ਕਾਰਵਾਈ ਸਿਰਫ ਸਿਵਲ ਸਰਜਨ ਹੀ ਨਹੀਂ, ਬਲਕਿ ਇਸ ਦਫ਼ਤਰ ਦੇ ਹੋਰ ਅਧਿਕਾਰੀ ਵੀ ਵਿਭਾਗ ਦੇ ਰਾਡਾਰ ਉਪਰ ਦੱਸੇ ਜਾ ਰਹੇ ਹਨ।