ਬੀਤੇ ਦਿਨੀਂ ਰਾਜੌਰੀ 'ਚ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗਿਆ ਸੀ ਜਵਾਨਾਂ ਦਾ ਵਾਹਨ
Rupnagar News : ਰੂਪਨਗਰ ਜ਼ਿਲ੍ਹੇ ਦੇ ਪਿੰਡ ਝੱਜ ਦਾ ਲਾਂਸ ਨਾਇਕ ਬਲਜੀਤ ਸਿੰਘ ਮੰਗਲਵਾਰ (17 ਸਤੰਬਰ) ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਸ਼ਹੀਦ ਹੋ ਗਿਆ ਸੀ। ਅੱਜ ਸਵੇਰੇ ਫੋਰਸ ਦੀ ਵਿਸ਼ੇਸ਼ ਟੁਕੜੀ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਝੱਜ ਪਹੁੰਚੀ। ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼ਹੀਦ ਜਵਾਨ ਦੀ ਨੂਰਪੁਰ ਬੇਦੀ ਤੋਂ ਉਨ੍ਹਾਂ ਦੇ ਪਿੰਡ ਤੱਕ ਅੰਤਿਮ ਯਾਤਰਾ ਕੱਢੀ ਗਈ। ਇਸ ਦੌਰਾਨ ਸੈਂਕੜੇ ਲੋਕ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ। ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਵੀ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ।
ਜਾਣਕਾਰੀ ਅਨੁਸਾਰ ਲਾਂਸ ਨਾਇਕ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਚਾਰ ਹੋਰ ਕਮਾਂਡੋ ਵਿਸ਼ੇਸ਼ ਸਰਚ ਅਭਿਆਨ ਦੌਰਾਨ ਦੁਸ਼ਮਣਾਂ ਦੀ ਭਾਲ ਲਈ ਗਸ਼ਤ 'ਤੇ ਨਿਕਲੇ ਸਨ। ਸ਼ਹੀਦ ਜਵਾਨ ਬਲਜੀਤ ਸਿੰਘ ਫੌਜ ਦੇ ਵਿਸ਼ੇਸ਼ ਵਾਹਨ ਮਸ਼ੀਨ ਗੰਨ 'ਤੇ ਡਿਊਟੀ ਨਿਭਾ ਰਿਹਾ ਸੀ।
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਉਨ੍ਹਾਂ ਦਾ ਵਾਹਨ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਿਆ। ਸਥਾਨਕ ਪਿੰਡ ਵਾਸੀਆਂ ਦੇ ਨਾਲ ਰਾਹਤ ਕਰਮਚਾਰੀਆਂ ਨੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ 4 ਜਵਾਨਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ ਬਲਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਦੱਸ ਦੇਈਏ ਕਿ ਬਲਜੀਤ ਸਿੰਘ ਦਾ ਵਿਆਹ 9 ਮਹੀਨੇ ਪਹਿਲਾਂ ਹੀ ਹੋਇਆ ਸੀ। ਉਸ ਦੀ 26 ਸਾਲਾ ਪਤਨੀ ਅਮਨਦੀਪ ਵੀ ਇਹ ਖ਼ਬਰ ਸੁਣ ਕੇ ਸਦਮੇ 'ਚ ਹੈ ਅਤੇ ਰੋ -ਰੋ ਬੁਰਾ ਹਾਲ ਹੈ।
ਸਪੈਸ਼ਲ ਫੋਰਸ ਯੂਨਿਟ ਦਾ ਹਿੱਸਾ ਸੀ ਬਲਜੀਤ ਸਿੰਘ
ਬਲਜੀਤ ਸਿੰਘ ਸਾਲ 2014 ਵਿੱਚ ਭਾਰਤੀ ਫੌਜ ਦੀ 2 ਪੈਰਾ (SF) ਵਿੱਚ ਭਰਤੀ ਹੋਇਆ ਸੀ। ਕੁਝ ਸਮਾਂ ਪਹਿਲਾਂ ਹੀ ਉਸਦੀ ਤਾਇਨਾਤੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਹੋਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਸ਼ੁਰੂ ਤੋਂ ਹੀ ਬਹਾਦਰ ਸੁਭਾਅ ਦਾ ਨੌਜਵਾਨ ਸੀ। ਸਖ਼ਤ ਮਿਹਨਤ ਕਰਕੇ ਉਹ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਫੌਜ ਵਿੱਚ ਸਪੈਸ਼ਲ ਫੋਰਸ ਯੂਨਿਟ ਦਾ ਹਿੱਸਾ ਸੀ ਅਤੇ PMKG ਗੰਨ 'ਤੇ ਤਾਇਨਾਤ ਸੀ।
ਇੱਕ ਸਾਲ ਪਹਿਲਾਂ ਹੀ ਹੋਈ ਸੀ ਪਿਤਾ ਦੀ ਮੌਤ
ਸ਼ਹੀਦ ਬਲਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਦੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਜਾਣਕਾਰੀ ਦਿੰਦਿਆਂ ਸ਼ਹੀਦ ਬਲਜੀਤ ਸਿੰਘ ਦੇ ਚਚੇਰੇ ਭਰਾ ਸਰਬਜੀਤ ਡੂਮੇਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਬਲਜੀਤ ਸਿੰਘ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਸੀ। ਉਸ ਨੇ ਇਹ ਵੀ ਦੱਸਿਆ ਕਿ ਬਲਜੀਤ ਸਿੰਘ ਨੇ ਭਾਰੀ ਡਿਊਟੀ ਪੂਰੀ ਕਰ ਲਈ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਹਲਕੀ ਡਿਊਟੀ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਬਲਜੀਤ ਸਿੰਘ ਨਹੀਂ ਮੰਨਿਆ ਅਤੇ ਉਸ ਨੇ ਇਸੇ ਅਣਸੁਖਾਵੇਂ ਇਲਾਕੇ ਵਿਚ ਡਿਊਟੀ ਕਰਨ ਦਾ ਫੈਸਲਾ ਲਿਆ ਸੀ।