
''ਸਪੋਕਸਮੈਨ ਦੇ ਬਾਈਕਾਟ ਬਾਰੇ ਅਕਾਲੀਆਂ ਦੀ ਕੌਣ ਸੁਣਦੈ''
ਚੰਡੀਗੜ੍ਹ, 18 ਅਕਤੂਬਰ (ਕਮਲਜੀਤ ਸਿੰਘ ਬਨਵੈਤ): ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਟਕਸਾਲੀ ਆਗੂਆਂ ਨੇ ਅੰਦਰਖ਼ਾਤੇ ਬਰਗਾੜੀ ਮੋਰਚੇ ਦੇ ਨੇਤਾਵਾਂ ਨਾਲ ਹੱਥ ਮਿਲਾ ਲਏ ਹਨ। ਬਾਗ਼ੀ ਅਕਾਲੀ ਆਗੂਆਂ ਵਲੋਂ ਸੇਵਾ ਸਿੰਘ ਸੇਖਵਾਂ ਨੇ ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ ਨਾਲ ਗੁਪਤ ਮੀਟਿੰਗ ਕੀਤੀ ਹੈ। ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਟਕਸਾਲੀ ਬਾਗ਼ੀ ਆਗੂ ਅਗਲੇ ਦਿਨੀਂ (ਸੰਭਾਵਤ 21 ਅਕਤੂਬਰ) ਬਰਗਾੜੀ ਵਿਖੇ ਚੱਲ ਰਹੇ ਮੋਰਚੇ ਨੂੰ ਸੰਬੋਧਨ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ ਜਥੇਦਾਰ ਸੇਖਵਾਂ ਨੇ ਇਹ ਮੀਟਿੰਗ ਟਕਸਾਲੀ ਆਗੂਆਂ ਵਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭੁੱਲ ਦੀ ਅਰਦਾਸ ਕਰ ਕੇ ਪਸ਼ਚਾਤਾਪ ਕਰਨ ਤੋਂ ਬਾਅਦ ਕੀਤੀ ਹੈ।
ਦਸਿਆ ਜਾ ਰਿਹਾ ਹੈ ਕਿ ਜਥੇਦਾਰ ਸੇਖਵਾਂ ਨੇ ਇਹ ਮੀਟਿੰਗ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਦੇ ਪ੍ਰਤੀਨਿਧ ਵਜੋਂ ਕੀਤੀ ਹੈ। ਸੂਤਰ ਦਸਦੇ ਹਨ ਕਿ ਅਕਾਲੀ ਦਲ ਦੇ ਅੰਦਰ
ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੈ।
ਦਲ ਦੇ ਕਈ ਨੇਤਾ ਅੰਦਰੋ-ਅੰਦਰੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਗ਼ੀ ਹੋ ਚੁੱਕੇ ਹਨ ਅਤੇ ਇਹ ਲਾਵਾ ਕਿਸੇ ਦਿਨ ਵੀ ਫੁੱਟ ਸਕਦਾ ਹੈ। ਬਰਗਾੜੀ ਇਨਸਾਫ਼ ਮੋਰਚੇ ਵਿਚ ਟਕਸਾਲੀ ਬਾਗ਼ੀ ਅਕਾਲੀ ਆਗੂਆਂ ਦੇ ਵੱਡੇ ਕਾਫ਼ਲੇ ਦੇ ਰੂਪ ਵਿਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਨਸਾਫ਼ ਮੋਰਚੇ ਦੇ ਇਕ ਆਗੂ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਵੱਡੀ ਗਿਣਤੀ ਅਕਾਲੀ ਨੇਤਾ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਦੋਹਾਂ ਬਾਦਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜ਼ਾ ਦਿਵਾਉਣ ਦੇ ਹੱਕ ਵਿਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਤ ਇਹੋ ਜਿਹੇ ਬਣ ਰਹੇ ਹਨ ਕਿ ਅਕਾਲੀ ਦਲ ਵਿਚ ਬਾਦਲ ਪਿਉ-ਪੁੱਤਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਹੀ ਰਹਿ ਜਾਣਗੇ।
ਇਸੇ ਦੌਰਾਨ ਗੁਰਦੀਪ ਸਿੰਘ ਬਠਿੰਡਾ ਨੇ ਅਕਾਲੀ ਦਲ ਵਲੋਂ ਸਪੋਕਸਮੈਨ ਦੇ ਬਾਈਕਾਟ ਕਰਨ ਬਾਰੇ ਦਿਤੇ ਬਿਆਨ 'ਤੇ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਬਾਦਲਾਂ ਦੀ ਕੌਣ ਸੁਣਦਾ ਹੈ। ਸਪੋਕਸਮੈਨ ਦਾ 12 ਸਾਲ ਤੋਂ ਵਿਰੋਧ ਕਰਦੇ ਆ ਰਹੇ ਹਨ ਪਰ ਉਸ ਦਾ ਵਿਗਾੜ ਤਾਂ ਕੁੱਝ ਵੀ ਨਹੀਂ ਸਕੇ।