
ਬਿਹਾਰ ਚੋਣਾਂ : ਲੋਕਾਂ ਦੀ ਭਲਾਈ ਲਈ ਲੜਾਂਗਾ: ਲਵ ਸਿਨਹਾ
ਨਵੀਂ ਦਿੱਲੀ, 18 ਅਕਤੂਬਰ : ਬਿਹਾਰ ਵਿਚ ਬਾਂਕੀਪੁਰ ਵਿਧਾਨਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਦੇ ਪੁੱਤਰ ਲਵ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਇਸ ਗੜ੍ਹ 'ਚ ਅਪਣੀ ਸਮਰੱਥਾ ਸਾਬਤ ਕਰ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਲਵ ਨੇ ਕਿਹਾ ਕਿ ਉਹ ਪਟਨਾ ਸਾਹਿਬ ਲੋਕਸਭਾ ਖੇਤਰ ਤਹਿਤ ਆਉਣ ਵਾਲੀ ਬਾਂਕੀਪੁਰ ਵਿਧਾਨਸਭਾ ਸੀਟ ਤੋਂ ਚੋਣ, 2019 ਦੀਆਂ ਆਮ ਚੋਣਾਂ 'ਚ ਅਪਣੇ ਪਿਤਾ ਨੂੰ ਮਿਲੀ ਹਾਰ ਦਾ ਬਦਲਾ ਲੈਣ ਲਈ ਨਹੀਂ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਟਨਾ ਦੇ ਲੋਕਾਂ ਦੀ ਭਲਾਈ ਲਈ ਇਹ ਚੋਣਾਂ ਲੜ ਰਹੇ ਹਨ। ਅਪਣੇ ਪਿਤਾ ਦੇ ਵਾਂਗ ਹੀ ਅਭਿਨੇਤਾ ਤੋਂ ਨੇਤਾ ਬਣੇ ਲਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ 2014 ਤੋਂ ਬਾਅਦ ਭਾਜਪਾ ਬਦਲ ਚੁੱਕੀ ਹੈ। ਲਵ ਨੇ ਦੋਸ਼ ਲਾਇਆ ਕਿ ਹੁਣ ਭਗਵਾ ਪਾਰਟੀ ਅੰਦਰ ਜ਼ਿਆਦਾ ਚਰਚਾ ਨਹੀਂ ਹੁੰਦੀ ਅਤੇ ਹੁਣ ਸਿਰਫ਼ ਆਦੇਸ਼ ਜਾਰੀ ਕੀਤਾ ਜਾਂਦਾ ਹੈ।ਲਵ ਨੇ ਕਿਹਾ ਕਿ ਸਿਰਫ਼ ਮੈਂ ਕਾਂਗਰਸ ਨੂੰ ਨਹੀਂ ਚੁਣਿਆ ਹੈ, ਸਗੋਂ ਕਾਂਗਰਸ ਨੇ ਵੀ ਮੈਨੂੰ ਚੁਣਿਆ ਹੈ। (ਏਜੰਸੀ)