
ਕਾਂਗਰਸ ਨੂੰ ਭਾਰਤ ਨਾਲ ਨਹੀਂ, ਪਾਕਿਸਤਾਨ ਨਾਲ ਪਿਆਰ : ਭਾਜਪਾ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਨੂੰ 'ਨਾਪਸੰਦ ਹੀ ਨਹੀਂ, ਨਫ਼ਰਤ ਕਰਦੇ ਹਨ
੍ਵਨਵੀਂ ਦਿੱਲੀ, 18 ਅਕਤੂਬਰ : ਬਿਹਾਰ 'ਚ ਕਾਂਗਰਸ ਦੇ ਇਕ ਉਮੀਦਵਾਰ ਦੇ ਜਿਨਾਹ ਸਮਰਥਕ ਹੋਣ ਦੇ ਵਿਵਾਦਾਂ ਵਿਚਾਲੇ ਹੀ ਹੁਣ ਭਾਜਪਾ ਨੇ ਸਿੱਧਾ ਦੋਸ਼ ਲਾਇਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਨੂੰ 'ਨਾਪਸੰਦ ਹੀ ਨਹੀਂ, ਨਫ਼ਰਤ ਕਰਦੇ ਹਨ।'
ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਐਤਵਾਰ ਨੂੰ ਲਾਹੌਰ ਲਿਟਰੇਚਰ ਫ਼ੈਸਟੀਵਲ ਵਿਚ ਦਿਤੇ ਗਏ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਭਾਸ਼ਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਵਾਇਤੀ ਰੂਪ ਨਾਲ ਕਾਂਗਰਸ ਆਗੂਆਂ ਵਲੋਂ ਭਾਰਤ ਦਾ ਅਕਸ ਪਾਕਿਸਤਾਨ ਵਿਚ ਖ਼ਰਾਬ ਕੀਤਾ ਜਾਂਦਾ ਹੈ।
ਮਣੀਸ਼ੰਕਰ ਅਈਅਰ, ਸਲਮਾਨ ਖ਼ੁਰਸ਼ੀਦ, ਥਰੂਰ, ਚਿਦੰਬਰਮ ਵਰਗੇ ਆਗੂਆਂ ਦਾ ਹਵਾਲਾ ਦਿੰਦੇ ਹੋਏ ਪਾਤਰਾ ਨੇ ਕਿਹਾ ਕਿ ਇਹ ਸਾਰੇ ਕਾਂਗਰਸ ਪਰਵਾਰ ਦੇ ਵਿਸ਼ਵਾਸਪਾਤਰ ਹਨ। ਅਜਿਹੇ ਵਿਚ ਭਾਜਪਾ ਰਾਹੁਲ ਗਾਂਧੀ ਨੂੰ ਹੁਣ ਤੋਂ 'ਰਾਹੁਲ ਲਾਹੌਰੀ' ਹੀ ਕਹਿ ਕੇ ਸੰਬੋਧਨ ਕਰੇਗੀ। ਪਾਤਰਾ ਨੇ ਇਹ ਵੀ ਪੁਛਿਆ ਕਿ ਕੀ ਰਾਹੁਲ ਲਾਹੌਰ ਤੋਂ ਚੋਣ ਲੜਨ ਦੀ ਸੋਚ ਰਹੇ ਹਨ। ਪਾਤਰਾ ਨੇ ਕਿਹਾ ਕਿ ਇਹ ਮੁੱਦਾ ਹੁਣ ਭਾਜਪਾ ਕਾਂਗਰਸ ਦਾ ਨਹੀਂ ਬਲਕਿ ਭਾਰਤ ਤੇ ਪਾਕਿਸਤਾਨ ਦਾ ਹੋ ਗਿਆ ਹੈ। ਜ਼ਾਹਿਰ ਹੈ ਕਿ ਬਿਹਾਰ ਚੋਣਾਂ ਵਿਚ ਵੀ ਇਹ ਵੱਡਾ ਮੁੱਦਾ ਬਣ ਸਕਦਾ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਦੀ ਸਵੇਰ ਥਰੂਰ ਨੇ ਲਾਹੌਰ ਲਿਟਰੇਚਰ ਫ਼ੈਸਟੀਵਲ ਵਿਚ ਵਰਚੁਅਲ ਮਾਧਿਅਮ ਨਾਲ ਸ਼ਾਮਲ ਹੁੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਅਤੇ ਭਾਰਤ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਭਾਜਪਾ ਬੁਲਾਰੇ ਪਾਤਰਾ ਨੇ ਥਰੂਰ ਬਾਰੇ ਦਸਦੇ ਹੋਏ ਕਿਹਾ ਕਿ ਉਨ੍ਹਾਂ ਕੋਰੋਨਾ ਮੈਨੇਜਮੈਂਟ ਵਿਚ ਭਾਰਤ ਨੂੰ ਫ਼ੇਲ ਦਸਿਆ ਸੀ, ਜਦਕਿ ਭਾਰਤ ਵਿਚ ਸੱਭ ਤੋਂ ਜ਼ਿਆਦਾ ਰਿਕਵਰੀ ਰੇਟ ਅਤੇ ਸੱਭ ਤੋਂ ਘੱਟ ਮੌਤ ਦਰ ਹੈ। ਭਾਰਤ ਨੇ ਡੇਢ ਸੌ ਦੇਸ਼ਾਂ ਨੂੰ ਹਾਈਡ੍ਰੋਕਸੀ ਕਲੋਰੋਕੁਈਨ ਦਿਤੀ ਪਰ ਥਰੂਰ ਪਾਕਿਸਤਾਨ ਨੂੰ ਦੱਸ ਰਹੇ ਹਨ ਕਿ ਭਾਰਤ ਫ਼ੇਲ ਹੋ ਗਿਆ ਹੈ ਅਤੇ ਪਾਕਿਸਤਾਨ ਬਿਹਤਰ ਹੈ।
ਪਾਤਰਾ ਨੇ ਕਿਹਾ ਕਿ ਭਾਰਤ ਦਾ ਇਕ ਆਗੂ ਅਤੇ ਸੰਸਦ ਮੈਂਬਰ ਪਾਕਿਸਤਾਨ ਵਿਚ ਜਾ ਕੇ ਦੇਸ਼ ਦੀ ਬੁਰਾਈ ਕਰ ਰਿਹਾ ਹੈ। ਪਾਤਰਾ ਨੇ ਕਿਹਾ ਕਿ ਇਹੀ ਸੱਚਾਈ ਹੈ। ਥਰੂਰ ਪਹਿਲੇ ਕਾਂਗਰਸੀ ਨਹੀਂ ਹਨ ਜਿਹੜੇ ਦੂਜੇ ਦੇਸ਼ਾਂ ਵਿਚ ਜਾ ਕੇ ਭਾਰਤ ਦੇ ਅਕਸ ਨੂੰ ਖ਼ਰਾਬ ਦਸਦਾ ਹੈ। ਖ਼ੁਦ ਰਾਹੁਲ ਗਾਂਧੀ ਨੇ ਵੀ ਧਾਰਾ 370 ਹਟਾਏ ਜਾਣ ਤੋਂ ਬਾਅਦ ਕਿਹਾ ਸੀ ਕਿ ਇਸ ਕਾਰਨ ਜੰਮੂ-ਕਸ਼ਮੀਰ ਵਿਚ ਸੈਂਕੜੇ ਲੋਕ ਮਾਰੇ ਗਏ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਰਾਹੁਲ ਦੇ ਬਿਆਨ ਨੂੰ ਹੀ ਸੰਯੁਕਤ ਰਾਸ਼ਟਰ ਵਿਚ ਇਸਤੇਮਾਲ ਕੀਤਾ। (ਏਜੰਸੀ)