
ਦੁਰਗਾ ਪੂਜਾ ਹਿੰਸਾ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਬੰਗਲਾਦੇਸ਼ ’ਚ ਹਿੰਦੂਆਂ ਦੇ 66 ਘਰ ਨੁਕਸਾਨੇ, 29 ਘਰਾਂ ਨੂੰ ਲਾਈ ਅੱਗ
ਢਾਕਾ, 18 ਅਕਤੂਬਰ : ਦੁਰਗਾ ਪੂਜਾ ਦੇ ਤਿਉਹਾਰ ਦੌਰਾਨ ਪਿਛਲੇ ਹਫ਼ਤੇ ਮੰਦਰ ’ਚ ਭੰਨਤੋੜ ਦੇ ਵਿਰੋਧ ’ਚ ਘੱਟ ਗਿਣਤੀ ਭਾਈਚਾਰੇ ਦੇ ਪ੍ਰਦਰਸ਼ਨ ਦੌਰਾਨ ਬੰਗਲਾਦੇਸ਼ ’ਚ ਹਮਲਾਵਰਾਂ ਦੇ ਇਕ ਸਮੂਹ ਨੇ ਹਿੰਦੂਆਂ ਦੇ 66 ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਰੀਬ 29 ਘਰਾਂ ਨੂੰ ਅੱਗ ਲਾ ਦਿਤੀ। ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿਤੀ। ਬੀਡੀਨਿਊਜ਼24 ਡਾਟ ਕਾਮ ਨੇ ਖ਼ਬਰ ਦਿਤੀ ਕਿ ਸੌ ਤੋਂ ਵੱਧ ਲੋਕਾਂ ਦੀ ਭੀੜ ਨੇ ਐਤਵਾਰ ਰਾਤ ਨੂੰ ਰੰਗਪੁਰ ਜ਼ਿਲ੍ਹੇ ਦੇ ਪੀਰਗੰਜ ਦੇ ਇਕ ਪਿੰਡ ’ਚ ਅੱਗ ਦੀ ਘਟਨਾ ਨੂੰ ਅੰਜਾਮ ਦਿਤਾ, ਜੋ ਇਥੋਂ ਤੋਂ ਕਰੀਬ 255 ਕਿਲੋਮੀਟਰ ਦੂਰ ਹੈ। ਖ਼ਬਰ ’ਚ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਮੁਹੰਮਦ ਕਮਰੂਜਮਾਂ ਦੇ ਹਵਾਲੇ ਤੋਂ ਦਸਿਆ ਗਿਆ ਕਿ ਇਕ ਫ਼ੇਸਬੁੱਕ ਪੋਸਟ ਤੋਂ ਅਫ਼ਵਾਹ ਫੈਲੀ ਕਿ ਪਿੰਡ ਦੇ ਇਕ ਨੌਜਵਾਨ ਹਿੰਦੂ ਵਿਅਕਤੀ ਨੇ ‘ਧਰਮ ਦਾ ਬੇਅਦਬੀ’ ਕੀਤੀ ਹੈ, ਜਿਸ ਦੇ ਬਾਅਦ ਉਥੇ ਪੁਲਿਸ ਰਵਾਨਾ ਹੋਈ। ਉਨ੍ਹਾਂ ਕਿਹਾ, ‘‘ਘਟਨਾ ਕਲ ਰਾਤ ਦਸ ਵਜੇ ਦੇ ਬਾਅਦ ਹੋਈ ਪਰ ਫਾਇਰ ਬ੍ਰਿਗੇਡ ਨੇ ਘੱਟ ਸਮੇਂ ਦੇ ਅੰਦਰ ਹੀ ਅੱਗ ਦੇ ਕਾਬੂ ਪਾ ਲਿਆ ਅਤੇ ਹੁਣ ਹਾਲਾਤ ਕਾਬੂ ’ਚ ਹਨ। ’’
ਅਧਿਕਾਰੀ ਨੇ ਦਸਿਆ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਹਮਲੇ ’ਚ 66 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 29 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਰੀਬ 52 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਥੇ ਹੀ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਹੋਰ ਸ਼ੱਕੀਆਂ ਦੀ ਗ੍ਰਿਫ਼ਤਾਰੀ ਲਈ ‘ਮੁਹਿੰਮ’ ਚਲਾਈ ਜਾ ਰਹੀ ਹੈ। ਕੋਮਿਲਾ ਇਲਾਕੇ ’ਚ ਦੁਰਗਾ ਪੂਜਾ ਦੇ ਇਕ ਪੰਡਾਲ ’ਚ ਕਥਿਤ ਬੇਅਦਬੀ ਦੇ ਬਾਅਦ ਫੈਲੇ ਫ਼ਿਰਕੂ ਤਣਾਅ ਦੇ ਕਾਰਨ ਅੱਗ ਲਾਉਣ ਦੀ ਘਟਨਾ ਵਾਪਰੀ ਹੈ। (ਏਜੰਸੀ)