
ਕਿਸਾਨਾਂ ਦੀ ਅਜੇ ਵੀ ਨਾ ਸੁਣੀ ਤਾਂ ਭਾਜਪਾ ਸਰਕਾਰ ਖ਼ਤਮ ਹੋ ਜਾਵੇਗੀ-ਮੇਘਾਲਿਆ ਗਵਰਨਰ ਮਲਿਕ
ਜੈਪੁਰ, 18 ਅਕਤੂਬਰ : ਮੇਘਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਖੇਤੀ ਕਾਨੂੰਨਾਂ ਲੈ ਕੇ ਕਿਸਾਨ ਅੰਦੋਲਨ 'ਤੇ ਅਪਣੀ ਪ੍ਰਤੀਕਿਰਿਆ ਦਿਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) 'ਤੇ ਗਰੰਟੀ ਕਾਨੂੰਨ ਲੈ ਕੇ ਆਵੇ ਤਾਂ ਮੁੱਦਾ ਹੱਲ ਹੋ ਸਕਦਾ ਹੈ | ਇਥੇ ਸਿਰਫ਼ ਇਕ ਚੀਜ਼ ਹੈ ਤਾਂ ਤੁਸੀਂ (ਕੇਂਦਰ) ਇਸ ਨੂੰ ਪੂਰਾ ਕਿਉਂ ਨਹੀਂ ਕਰ ਰਹੇ? ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਸਮਝੌਤਾ ਨਹੀਂ ਕਰਨਗੇ |
ਸੱਤਿਆਪਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਕਿਸਾਨਾਂ ਦੀ ਨਾ ਸੁਣੀ ਗਈ ਤਾਂ ਕੇਂਦਰ ਸਰਕਾਰ ਮੁੜ ਨਹੀਂ ਆਵੇਗੀ | ਮਲਿਕ ਨੇ ਤਿੱਖੇ ਲਹਿਜੇ ਵਿਚ ਕਿਹਾ ਕਿ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ, ਉਨ੍ਹਾਂ ਦਾ ਮਿਜ਼ਾਜ ਥੋੜ੍ਹਾ ਆਸਮਾਨ 'ਤੇ ਪਹੁੰਚ ਜਾਂਦਾ ਹੈ | ਉਨ੍ਹਾਂ ਨੂੰ ਇਹ ਨਹੀਂ ਦਿਸਦਾ ਕਿ ਇਨ੍ਹਾਂ ਦੀ ਤਕਲੀਫ਼ ਕਿੰਨੀ ਹੈ ਪਰ ਸਮਾਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਵੇਖਣਾ ਵੀ ਪੈਂਦਾ ਹੈ ਅਤੇ ਸੁਣਨਾ ਵੀ ਪੈਂਦਾ ਹੈ | ਜੇਕਰ ਕਿਸਾਨਾਂ ਦੀ ਨਾ ਮੰਨੀ ਤਾਂ ਇਹ ਸਰਕਾਰ ਮੁੜ ਨਹੀਂ ਆਵੇਗੀ |
ਕਿਸਾਨਾਂ ਨਾਲ ਜਿਆਦਤੀ ਹੋ ਰਹੀ ਹੈ, ਉਹ 10 ਮਹੀਨਿਆਂ ਤੋਂ ਘਰ-ਬਾਰ ਛੱਡ ਕੇ ਅੰਦੋਲਨ 'ਚ ਡਟੇ ਹਨ | ਫ਼ਸਲ ਬਿਜਾਈ ਦਾ ਸਮਾਂ ਹੈ ਅਤੇ ਉਹ ਦਿੱਲੀ 'ਚ ਹਨ ਤਾਂ ਉਨ੍ਹਾਂ ਦੀ ਸੁਣਵਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ | ਮੈਂ ਕਿਸਾਨਾਂ ਨਾਲ ਖੜ੍ਹਾ ਹਾਂ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਪਣੇ ਵਿਚਾਰ ਦੱਸਣਗੇ ਚਾਹੇ ਉਹ ਕਸ਼ਮੀਰ ਦੇ ਹੋਣ ਜਾਂ ਕਿਸੇ ਵੀ ਚੀਜ਼ ਦੇ ਹੋਣ | ਕੀ ਵਜ੍ਹਾ ਹੈ ਕਿ ਸਰਕਾਰ ਅਜੇ ਤਕ ਕਿਸਾਨਾਂ ਨੂੰ ਮਨਵਾ ਨਹੀਂ ਸਕੀ | ਮਲਿਕ ਨੇ ਲਖੀਮਪੁਰ ਮਾਮਲੇ 'ਚ ਵੀ ਅਪਣੀ ਗੱਲ ਰੱਖੀ | ਉਨ੍ਹਾਂ ਲਖੀਮਪੁਰ ਖੇੜੀ ਕਤਲਕਾਂਡ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਅਸਤੀਫ਼ਾ ਉਸੇ ਦਿਨ ਲੈ ਲੈਣਾ ਚਾਹੀਦਾ ਸੀ | ਇਹ ਬਿਲਕੁਲ ਗ਼ਲਤ ਹੈ | ਕਿਸਾਨਾਂ ਵਲੋਂ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਦੀ ਅਪਣੀ ਮੰਗ ਅਤੇ ਲਖੀਮਪੁਰ ਕਾਂਡ 'ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਨੂੰ ਲੈ ਕੇ ਅੱਜ 6 ਘੰਟੇ ਰੇਲ ਰੋਕੋ ਅੰਦਲੋਨ ਕੀਤਾ ਗਿਆ | (ਏਜੰਸੀ)