
ਹੌਲਦਾਰ ਮਨਦੀਪ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੱਗਲਰ ਨੂੰ ਕਾਬੂ ਕਰ ਲਿਆ
ਮੋਗਾ: ਫਿਲੌਰ ਵਿਖੇ ਪੁਲਿਸ ਕਾਂਸਟੇਬਲਾਂ ਤਕ ਡਰੱਗਜ਼ ਪਹੁੰਚਾਉਣ ਵਾਲੇ ਇਕ ਸਮੱਗਲਰ ਨਾਲ ਪੰਜਾਬ ਪੁਲਿਸ ਦਾ ਸਿੱਧਾ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ’ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਬਾਅਦ ਵਿਚ ਸਮੱਗਲਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕਰੀਬ 5 ਮਹੀਨੇ ਪਹਿਲਾਂ ਪੁਲਸ ਅਕੈਡਮੀ ’ਚ ਫੈਲੇ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ 8 ਪੁਲਿਸ ਮੁਲਾਜ਼ਮ ਨਸ਼ਾ ਵੇਚਣ ਅਤੇ ਪੀਣ ਦੇ ਆਦੀ ਪਾਏ ਗਏ ਸਨ, ਜਿਨ੍ਹਾਂ ਨੂੰ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਪਿੰਡ ਪੰਜਤੇਰਾ ਦੇ ਰਹਿਣ ਵਾਲੇ ਨਿਧੀ ਅਤੇ ਉਸ ਦਾ ਪਤੀ ਗੁਰਦੀਪ ਨਸ਼ੀਲਾ ਪਦਾਰਥ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਪੁਲਿਸ ਨੇ ਸਮੱਗਲਰ ਪਤੀ-ਪਤਨੀ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪੁਲਿਸ ਨੇ ਸਮੱਗਲਰ ਦੀ ਪਤਨੀ ਨਿਧੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦਾ ਪਤੀ ਗੁਰਦੀਪ ਪੁਲਿਸ ਤੋਂ ਲੁਕ ਕੇ ਨਸ਼ਾ ਸਮੱਗਲਿੰਗ ਦੇ ਧੰਦੇ ਨੂੰ ਅੰਜਾਮ ਦਿੰਦਾ ਰਿਹਾ ਸੀ।
ਥਾਣਾ ਸਦਰ ਦੇ ਇੰਚਾਰਜ ਨੂੰ ਬੀਤੇ ਦਿਨੀਂ ਸੂਚਨਾ ਮਿਲੀ ਕਿ ਗੁਰਦੀਪ ਨਸ਼ੇ ਦੀ ਵੱਡੀ ਖੇਪ ਲਿਆਉਣ ਦੀ ਤਿਆਰੀ ’ਚ ਹੈ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਗੁਰਦੀਪ ਨੂੰ ਫੜਣ ਲਈ ਜਾਲ ਵਿਛਾਇਆ ਸੀ, ਜਿਸ ’ਚ ਪੁਲਿਸ ਨੂੰ ਸਫਲਤਾ ਮਿਲੀ ਅਤੇ ਗੁਰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਗੁਰਦੀਪ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਦੂਜਾ ਸਾਥੀ ਗਗਨਦੀਪ ਨਸ਼ੇ ਦੀ ਵੱਡੀ ਖੇਪ ਲੈ ਕੇ ਮੋਗਾ ਨੇੜੇ ਲੁਕਿਆ ਬੈਠਾ ਹੈ।
ਗੁਰਦੀਪ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਸਮੱਗਲਰ ਨੂੰ ਫੜਣ ਲਈ ਮੋਗਾ ਨੇੜੇ ਉਸ ਦੇ ਟਿਕਾਣੇ ’ਤੇ ਪਹੁੰਚੀ। ਪੁਲਿਸ ਦੀ ਘੇਰਾਬੰਦੀ ਵੇਖ ਕੇ ਸਮੱਗਲਰ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ’ਚ ਹੌਲਦਾਰ ਜਿਵੇਂ ਹੀ ਸਮੱਗਲਰ ਨੂੰ ਫੜਣ ਲਈ ਉਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਉਸ ’ਤੇ ਗੋਲੀ ਚਲਾ ਦਿੱਤੀ। ਹੌਲਦਾਰ ਮਨਦੀਪ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੱਗਲਰ ਨੂੰ ਕਾਬੂ ਕਰ ਲਿਆ। ਪੁਲਿਸ ਨੇ ਸਮੱਗਲਰ ਗਗਨਦੀਪ ਕੋਲੋਂ ਇਕ ਪਿਸਤੌਲ, ਅੱਧਾ ਕਿੱਲੋ ਹੈਰੋਇਨ ਬਰਾਮਦ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਫਿਲੌਰ ਵਿਖੇ ਲਿਆਂਦਾ ਗਿਆ। ਜ਼ਖ਼ਮੀ ਹੋਏ ਹੌਲਦਾਰ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।