
ਸਰਦੂਲਗੜ੍ਹ ਦੇ ਪਿੰਡ ਫਤਹਿਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ
ਸਰਦੂਲਗੜ੍ਹ : ਸਰਦੂਲਗੜ੍ਹ ਦੇ ਪਿੰਡ ਫਤਹਿਪੁਰ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪਿੰਡ ਫ਼ਤਿਹਪੁਰ ਦੇ ਕਿਸਾਨ ਜਗਸੀਰ ਸਿੰਘ (37) ਕੋਲ ਅਪਣੀ 2 ਏਕੜ ਜ਼ਮੀਨ ਸੀ ਅਤੇ 6 ਏਕੜ ਜ਼ਮੀਨ ਉਹ ਠੇਕੇ ਤੇ ਲੈ ਕੇ ਮਿਹਨਤ ਮਜ਼ਦੂਰੀ ਕਰਦਾ ਸੀ ਪਰ ਗੁਲਾਬੀ ਸੁੰਡੀ ਅਤੇ ਬੇਮੌਸਮੀ ਬਾਰਸ਼ ਕਾਰਨ ਉਸ ਦੀ ਸਾਰੀ ਫ਼ਸਲ ਬਰਬਾਦ ਹੋ ਗਈ ਜਿਸ ਤੋਂ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ।
ਜਿਸ ਦੇ ਚਲਦਿਆਂ ਉਸ ਨੇ ਅਪਣੇ ਖੇਤ ਵਿਚ ਜ਼ਹਿਰੀਲੀ ਚੀਜ਼ ਨਿਗਲ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਉਕਤ ਕਿਸਾਨ ਪਰਵਾਰ ਦੇ ਸਿਰ 7 ਲੱਖ ਰੁਪਏ ਬੈਂਕ ਦੇ ਕਰਜ਼ੇ ਸਮੇਤ ਕੁੱਲ 10 ਲੱਖ ਰੁਪਏ ਦਾ ਕਰਜ਼ਾ ਜੋ ਕਿਸਾਨ ਅਪਣੇ ਪਰਵਾਰ ਨੂੰ ਛੱਡ ਗਿਆ ਹੈ, ਨੂੰ ਮੁਆਫ਼ ਕੀਤਾ ਜਾਵੇ। ਤਫ਼ਤੀਸ਼ੀ ਅਫ਼ਸਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿਤਾ ਹੈ।