
3 ਮਹੀਨੇ ਤੱਕ ਸੰਤੁਸ਼ਟ ਜਵਾਬ ਨਾ ਦੇਣ ’ਤੇ ਦੋਵੇਂ ਨੌਕਰੀ ਤੋਂ ਕੱਢੇ ਜਾਣਗੇ!
Punjab News: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਗੇਟ 'ਤੇ ਇਕ ਵਿਅਕਤੀ ਨੂੰ ਲਟਕ ਕੇ ਬੱਸ ਚਲਾਉਣ ਦੇ ਮਾਮਲੇ 'ਚ ਡਰਾਈਵਰ ਅਤੇ ਮਹਿਲਾ ਕੰਡਕਟਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਦੋਵੇਂ ਤਿੰਨ ਮਹੀਨਿਆਂ ਦੇ ਅੰਦਰ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਘਟਨਾ 7 ਅਕਤੂਬਰ ਦੀ ਹੈ ਪਰ ਘਟਨਾ ਦੀ ਵੀਡੀਓ ਦੋ ਦਿਨ ਪਹਿਲਾਂ ਸਾਹਮਣੇ ਆਈ ਸੀ। ਇਹ ਬੱਸ ਸੀਟੀਯੂ ਡਿਪੂ ਨੰਬਰ 2 ਦੀ ਸੀ, ਜੋ ਕਿ ਹੱਲੋਮਾਜਰਾ ਤੋਂ ਟ੍ਰਿਬਿਊਨ ਚੌਕ ਵੱਲ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਵਿਅਕਤੀ ਬੱਸ ਦੇ ਗੇਟ ਨਾਲ ਲਟਕ ਰਿਹਾ ਸੀ। ਸੀਟੀਯੂ ਅਧਿਕਾਰੀਆਂ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਪਛਾਣ ਕਰ ਲਈ।
ਇਸ ਨੂੰ ਗੰਭੀਰ ਲਾਪਰਵਾਹੀ ਦੱਸਦਿਆਂ ਦੋਵਾਂ ਨੂੰ ਤਿੰਨ-ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੋਵਾਂ ਨੂੰ ਸੀਟੀਯੂ ਵੱਲੋਂ ਸੁਣਵਾਈ ਦਾ ਮੌਕਾ ਦਿੱਤਾ ਜਾਵੇਗਾ। ਜੇਕਰ ਦੋਵੇਂ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਤਾਂ ਨੌਕਰੀ ਤੋਂ ਬਰਖਾਸਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਹਾਲਾਂਕਿ ਦੋਵੇਂ ਕਰਮਚਾਰੀ ਆਊਟਸੋਰਸਡ ਹਨ।