
ਪੰਜਾਬੀ,ਅੰਗਰੇਜ਼ੀ, ਗਣਿਤ ਤੇ ਈਵੀਐੱਸ ਹੋਣਗੇ ਆਕਰਸ਼ਕ ਤਸਵੀਰਾਂ ਨਾਲ ਭਰਪੂਰ
ਐਸ.ਏ.ਐਸ ਨਗਰ : ਪੰਜਾਬ ਸਕੂਲ ਸਿਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2025-26 ਤੋਂ ਕੁੱਝ ਜਮਾਤਾਂ ਦੀਆਂ ਕਿਤਾਬਾਂ ਬਦਲਣ ਦਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਨਵੇਂ ਵਿਦਿਅਕ ਸੈਸ਼ਨ ਤੋਂ ਐਲੀਮੈਂਟਰੀ ਦੇ ਵਿਦਿਆਰਥੀਆਂ ਦੇ ਹੱਥਾਂ ਵਿਚ ਅੰਗਰੇਜ਼ੀ, ਪੰਜਾਬੀ ਤੇ ਗਣਿਤ ਵਿਸ਼ਿਆਂ ਨਾਲ ਸਬੰਧਤ ਪਾਠ-ਪੁਸਤਕਾਂ ਆਕਰਸ਼ਕ ਤੇ ਤਸਵੀਰਾਂ ਭਰਪੂਰ ਹੋਣਗੀਆਂ। ਇਸ ਸਾਲ ਗਣਿਤ ਵਿਸ਼ੇ ਦੀ ਪੁਸਤਕ 3 ਭਾਸ਼ਾਵਾਂ (ਅੰਗਰੇਜ਼ੀ,ਪੰਜਾਬੀ ਤੇ ਹਿੰਦੀ) ਵਿਚ ਤਿਆਰ ਕੀਤੀ ਜਾ ਰਹੀ ਹੈ। ਇਸ ਕੰਮ ਲਈ ਪੰਜਾਬ ਸਕੂਲ ਸਿਖਿਆ ਬੋਰਡ ਦੇ ਵਿਸ਼ਾ ਮਾਹਿਰਾਂ ਤੋਂ ਇਲਾਵਾ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ) ਦੀਆਂ ਟੀਮਾਂ ਸਾਂਝੇ ਤੌਰ ’ਤੇ ਕੰਮ ਕਰ ਰਹੀਆਂ ਹਨ। ਪਤਾ ਚੱਲਿਆ ਹੈ ਕਿ ਪਾਠ-ਪੁਸਤਕਾਂ ਦੇ ਬਦਲਾਅ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਤੇ ਸਿਖਿਆ ਵਿਭਾਗ ਨਾਲ ਤਾਲਮੇਲ ਕਰ ਕੇ ਇਹ ਕਿਤਾਬਾਂ ਮਾਰਚ- 2025 ਤਕ ਵਿਦਿਆਰਥੀਆਂ ਤਕ ਪੁੱਜਦੀਆਂ ਕਰ ਦਿਤੀਆਂ ਜਾਣਗੀਆਂ।
ਇਸ ਸਾਲ ਵਾਤਾਵਰਣ ਵਿਗਿਆਨ (ਈਵੀਐਸ) ਦੀ ਪਾਠ-ਪੁਸਤਕ ਦੇ 9 ਟਾਈਟਲ ਵੀ ਹਿੰਦੀ, ਪੰਜਾਬੀ ਤੋਂ ਇਲਵਾ ਅੰਗਰੇਜ਼ੀ ਭਾਸ਼ਾ ਵਿਚ ਛਾਪੇ ਜਾਣਗੇ। ਅੰਗਰੇਜ਼ੀ, ਪੰਜਾਬੀ ਤੇ ਗਣਿਤ ਤੋਂ ਇਲਾਵਾ ਈ.ਵੀ.ਐਸ ਵਿਸ਼ੇ ਦੀ ਪਾਠ ਪੁਸਤਕ ਖ਼ੁਦ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ ਤਿਆਰ ਕਰ ਕਰ ਰਹੇ ਹਨ। ਇਨ੍ਹਾਂ ਪੁਸਤਕਾਂ ਦੇ ਸਰਵਰਕ (ਟਾਈਟਲ ਪੰਨਾ) ਖ਼ੁਦ ਵਿਦਿਆਰਥੀਆਂ ਕੋਲੋਂ ਹੀ ਤਿਆਰ ਕਰਵਾਇਆ ਗਿਆ ਹੈ। ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਜਮਾਤਾਂ ਦੇ ਵਿਦਿਆਰਥੀਆਂ ਲਈ ਕੁੱਲ 9 ਲੱਖ ਕਿਤਾਬਾਂ ਲਈ ਪੰਜਾਬ ਸਕੂਲ ਸਿਖਿਆ ਬੋਰਡ ਵੱਖ-ਵੱਖ ਪ੍ਰਕਾਸ਼ਕਾਂ ਪਾਸੋਂ ਟੈਂਡਰ ਮੰਗੇਗਾ।
ਡੱਬੀ
ਦਸਣਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਨੇ ਚਾਲੂ ਅਕਾਦਮਿਕ ਸਾਲ (2024-25) ਦੌਰਾਨ ਵੀ 23 ਪਾਠ-ਪੁਸਤਕਾਂ ਦੇ ਨਵੇਂ ਟਾਈਟਲ ਛਾਪੇ ਸਨ। ਇਸ ਸਾਲ ਕੁੱਲ 245 ਟਾਈਟਲ ਛਾਪੇ ਗਏ ਸਨ ਜੋ ਕਿ ਪਿਛਲੇ ਸਾਲ ਇਹ ਪਹਿਲੀ ਵਾਰ ਸੀ ਜਦੋਂ 11ਵੀਂ ਤੇ 12ਵੀਂ ਜਮਾਤ ਦੇ ਡੀਕਲ ਤੇ ਨਾਨ ਸਾਇੰਸ ਵਿਸ਼ਿਆਂ ਦੀਆਂ ਪਾਸ-ਪੁਸਤਕਾਂ ਪੰਜਾਬੀ ਮਾਧਿਅਮ ਵਿਚ ਤਿਆਰ ਕੀਤੀਆਂ ਸਨ। ਇਨ੍ਹਾਂ ਤੋਂ ਇਲਾਵਾ ਬਿਜਨਸ ਸਟੱਡੀਜ਼,ਕੰਪਿਊਟਰ,ਮਾਡਰਨ ਆਫ਼ਿਸ ਪ੍ਰੈਕਟਿਸ,ਕੰਪਿਊਟਰ ਤੋਂ ਇਲਾਵਾ ਹੋਰ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਨਵੀਂਆਂ ਤਿਆਰ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ 8ਵੀਂ ਜਮਾਤ ਨਾਲ ਸਬੰਧਤ ਸਾਇੰਸ ਵਿਸ਼ਿਆਂ ਦੀਆਂ ਕਿਤਾਬਾਂ ਵੀ ਖ਼ੁਦ ਤਿਆਰ ਕੀਤੀਆਂ ਸਨ। ਇਸ ਤੋਂ ਪਹਿਲਾਂ ਇਹ ਪਾਠ ਪੁਸਤਕਾਂ ਐਨ.ਸੀ.ਈ.ਆਰ.ਟੀ ਦੀਆਂ ਪੁਸਤਕਾਂ ਨੂੰ ਅਨੁਵਾਦ ਕਰਵਾਕੇ ਪੜ੍ਹਾਇਆ ਜਾਂਦਾ ਸੀ,ਜਿਨ੍ਹਾਂ ਲਈ ਬੋਰਡ ਨੂੰ ਕਰੋੜਾਂ ਰੁਪਏ ਦੀ ਰੁਇਲਟੀ ਦੇਣੀ ਪੈਂਦੀ ਸੀ। ਮੰਨਿਆਂ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਿਖਿਆ ਬੋਰਡ ਅਜਿਹੇ ਕੁੱਝ ਪਾਠ ਪੁਸਤਕਾਂ ਖ਼ੁਦ ਤਿਆਰ ਕਰਵਾ ਕੇ ਕਰੋੜਾਂ ਰੁਪਏ ਦੀ ਰੁਇਲਟੀ ਦੀ ਦੇਣਦਾਰੀ ਵੀ ਖ਼ਤਮ ਹੋ ਜਾਵੇਗੀ।