
“ਕਿਹਾ ਨੌਜਵਾਨਾਂ ਨੂੰ ਵਾਪਸ ਲਿਆਉਣ ’ਚ ਪੰਜਾਬ ਸਰਕਾਰ ਸਾਡੀ ਮਦਦ ਕਰੇ”
ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਤਿੰਨ ਚਾਰ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਗੁਹਾਰ ਲਗਾ ਰਹੇ 7 ਲੋਕਾਂ ਦੇ ਪਰਿਵਾਰਾਂ ਨੇ ਅੱਜ ਫੇਰ ਇਕੱਠੇ ਹੋ ਕੇ ਪ੍ਰੈਸ ਦੇ ਮਾਧਿਅਮ ਰਾਹੀਂ ਸਥਾਨਕ ਵਿਧਾਇਕ ਅਤੇ ਮੰਤਰੀ ਹਰਜੋਤ ਬੈਂਸ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪਰਿਵਾਰਾਂ ਦੇ ਜੀਅ, ਜੋ ਤਜ਼ਾਕਿਸਤਾਨ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਸਨ, ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਵਾਪਸ ਆਪਣੇ ਘਰਾਂ ’ਚ ਆਉਣ ਲਈ ਪੰਜਾਬ ਸਰਕਾਰ ਮਦਦ ਕਰੇ।
ਜ਼ਿਕਰਯੋਗ ਹੈ ਕਿ ਇਹ ਲੋਕ ਨੰਗਲ ਦੇ ਇੱਕ ਏਜੰਟ (ਕੁਝ ਸਬ ਏਜੰਟ ਵੀ ਸ਼ਾਮਲ) ਰਾਹੀਂ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਸਨ, ਜਿੱਥੇ ਇਹਨਾਂ ਨੂੰ ਡਰਾਈਵਰੀ ਦੇ ਕੰਮ ਵਾਸਤੇ ਭੇਜਿਆ ਗਿਆ ਸੀ, ਪਰ ਉੱਥੇ ਇਹਨਾਂ ਤੋਂ ਦੱਸੇ ਗਏ ਕੰਮ ਮੁਤਾਬਕ ਕੰਮ ਨਹੀਂ ਕਰਵਾਇਆ ਜਾ ਰਿਹਾ। ਇਹਨਾਂ ਤੋਂ ਬੜੀ ਮੁਸ਼ਕਿਲ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ।
ਉਹਨਾਂ 7 ਲੋਕਾਂ ਨੇ ਉਕਤ ਦੇਸ਼ ਤੋਂ ਅਲੱਗ ਅਲੱਗ ਵੀਡੀਓ ਭੇਜ ਕੇ ਆਪਣੇ ਉੱਥੇ ਦੇ ਹਾਲਾਤ ਬਿਆਨ ਕੀਤੇ ਜਿੱਥੇ ਉਹਨਾਂ ਨੇ ਸਬੰਧਤ ਏਜੰਟ ਨੂੰ ਵੀ ਵਾਰ ਵਾਰ ਫੋਨ ਕਰਕੇ ਆਪਣੇ ਹਾਲਾਤ ਦੱਸੇ ਅਤੇ ਬੇਨਤੀਆਂ ਕੀਤੀਆਂ ਕਿ ਜੇ ਉਹਨਾਂ ਕੋਲ ਕੰਮ ਹੈ ਨਹੀਂ ਸੀ ਤਾਂ ਉਹਨਾਂ ਨੂੰ ਇੱਥੇ ਕਿਉਂ ਭੇਜਿਆ ਗਿਆ ਅਤੇ ਸਾਨੂੰ ਵਾਪਸ ਆਪਣੇ ਦੇਸ਼ ਆਪਣੇ ਘਰਾਂ ’ਚ ਬੁਲਾਇਆ ਜਾਵੇ। ਪਰ ਉਹਨਾਂ ਦੇ ਮੁਤਾਬਕ ਏਜੰਟ ਨੇ ਇਹਨਾਂ ਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤੇ ਅਤੇ ਉੱਥੇ ਹੀ ਕੰਮ ਕਰਨ ਲਈ ਕਿਹਾ, ਜਿੱਥੇ ਉਹਨਾਂ ਨੂੰ ਕੰਪਨੀ ਵੱਲੋਂ ਲਗਾਇਆ ਜਾਂਦਾ ਹੈ, ਜੇ ਉਹਨਾਂ ਨੇ ਆਉਣਾ ਹੈ ਤਾਂ ਆਪਣਾ ਖਰਚਾ ਕਰਕੇ ਅੰਬੈਸੀ ਦੀ ਫੀਸ ਭਰ ਕੇ ਉਹ ਵਾਪਸ ਪਰਤ ਕੇ ਆ ਸਕਦੇ ਹਨ।
ਇਸੇ ਗੱਲ ਨੂੰ ਲੈ ਕੇ ਅੱਜ ਤਜ਼ਾਕਿਸਤਾਨ ’ਚ ਫਸੇ ਇਹਨਾਂ 7 ਲੋਕਾਂ, ਹਰਵਿੰਦਰ ਸਿੰਘ ਪਿੰਡ ਮੌੜਾ, ਗੁਰਪ੍ਰੀਤ ਸਿੰਘ ਪਿੰਡ ਰਾਏਪੁਰ ਪੱਟੀ, ਅਵਤਾਰ ਸਿੰਘ ਪਿੰਡ ਢੇਰ, ਹਰਵਿੰਦਰ ਸਿੰਘ ਪਿੰਡ ਬੈਂਸ, ਮਨਜੀਤ ਸਿੰਘ ਪਿੰਡ ਘਨੌਲੀ, ਅਮਰਜੀਤ ਸਿੰਘ ਪਿੰਡ ਬ੍ਰਹਮਪੁਰ, ਜਿਹਨਾਂ ਮੁਤਾਬਕ ਉਹਨਾਂ ਦੇ ਪਾਸਪੋਰਟ ਵੀ ਕੰਪਨੀ ਕੋਲ ਹਨ, ਦੇ ਪਰਿਵਾਰਾਂ ਸੁਸ਼ਮਾ ਦੇਵੀ, ਵੀਨਾ ਕੁਮਾਰੀ, ਹਰਜਿੰਦਰ ਕੌਰ, ਕੁਲਦੀਪ ਕੌਰ, ਕਮਲੇਸ਼ ਕੌਰ, ਮਨਜੀਤ ਕੌਰ, ਸੁਨੀਤਾ ਦੇਵੀ, ਜਰਨੈਲ ਸਿੰਘ, ਜੈਮਲ ਸਿੰਘ, ਅਵਤਾਰ ਸਿੰਘ ਆਦਿ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਅਤੇ ਸਥਾਨਕ ਵਿਧਾਇਕ ਅਤੇ ਮੰਤਰੀ ਨੂੰ ਗੁਹਾਰ ਲਗਾਈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਇਹਨਾਂ ਏਜੰਟਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ਵਿੱਚ ਜਦੋਂ ਪੱਤਰਕਾਰ ਨੇ ਏਜੰਟ ਖਾਣ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਅਤੇ ਸਿਰਫ ਇੰਨਾ ਕਿਹਾ ਕਿ ਉਹ ਆਪਣਾ ਜਵਾਬ ਦੇ ਚੁੱਕੇ ਹਨ, ਤੁਹਾਨੂੰ ਜਲਦੀ ਪਤਾ ਲੱਗ ਜਾਵੇਗਾ।