
ਜੇ ਇਹ ਨਾ ਫੜਿਆ ਜਾਂਦਾ ਤਾਂ ਪਤਾ ਨਹੀਂ ਇਸ ਨੇ ਕਿੰਨੇ ਲੋਕਾਂ ਤੋਂ ਲੈਣੀ ਸੀ ਰਿਸ਼ਵਤ
ਚੰਡੀਗੜ੍ਹ : ਬੀਤੇ ਦਿਨੀਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਸੀ.ਬੀ.ਆਈ. ਵੱਲੋਂ ਰੋਪੜ ਰੇਂਜ ਦੇ ਡੀ.ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਘਰੋਂ ਸੀ.ਬੀ.ਆਈ. ਨੇ ਬੈਗਾਂ ’ਚ ਭਰੇ 7 ਕਰੋੜ ਰੁਪਏ ਨਕਦ, 2 ਕਿਲੋਗ੍ਰਾਮ ਸੋਨਾ, ਲਗਜ਼ਰੀ ਕਾਰਾਂ, 20 ਲਗਜ਼ਰੀ ਘੜੀਆਂ ਸਮੇਤ ਬਹੁਤ ਕੁੱਝ ਬਰਾਮਦ ਕੀਤਾ ਗਿਆ। ਇਸ ਸਾਰੇ ਘਟਨਾਕ੍ਰਮ ਨੂੰ ਲੁਧਿਆਣਾ ਵਾਸੀ ਅਕਾਸ਼ ਬੱਤਾ ਵੱਲੋਂ ਅੰਜ਼ਾਮ ਦਿੱਤਾ ਗਿਆ। ਜਦੋਂ ਅਕਾਸ਼ ਬੱਤਾ ਸਕਿਓਰਿਟੀ ਲੈਣ ਲਈ ਪੰਜਾਬ-ਹਰਿਆਣਾ ਹਾਈ ਕੋਰਟ ਪਹੁੰਚਿਆ ਤਾਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਮੀਤ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਇਸ ਸਾਰੀ ਗੱਲਬਾਤ ਦੇ ਕੁੱਝ ਅੰਸ਼ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
ਸਵਾਲ : ਇਹ ਸਾਡਾ ਘਟਨਾਕ੍ਰਮ ਕਿਵੇਂ ਬਣਿਆ ਕਿ ਤੁਸੀਂ ਡੀ.ਆਈ.ਜੀ. ਦੇ ਖਿਲਾਫ਼ ਖੜ੍ਹੇ ਹੋ ਗਏ?
ਜਵਾਬ : ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਖਿਲਾਫ਼ ਮੈਂ ਖੜ੍ਹਾ ਨਹੀਂ ਹੋਇਆ ਬਲਕਿ ਡੀ.ਆਈ.ਜੀ. ਮੇਰੇ ਖਿਲਾਫ਼ ਖੜ੍ਹਾ ਹੋਇਆ। ਉਹ ਮੈਨੂੰ ਝੂਠੀਆਂ ਧਮਕੀਆਂ ਦਿੰਦਾ ਸੀ ਕਿ ਮੈਨੂੰ ਆ ਕੇ ਮਿਲੋ ਨਹੀਂ ਤਾਂ ਮੈਂ ਤੁਹਾਡੇ ਖਿਲਾਫ਼ ਝੂਠੇ ਮੁਕੱਦਮੇ ਦਰਜ ਕਰ ਦਿਆਂਗਾ। ਮੈਂ ਤੁਹਾਡੇ ਪੁਰਾਣੇ ਮੁਕੱਦਮੇ ’ਚ ਤੁਹਾਡੇ ਖਿਲਾਫ਼ ਚਲਾਨ ਪੇਸ਼ ਕਰ ਦਿਆਂਗਾ। ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਤਾਂ ਮੈਂ ਸੀ.ਬੀ.ਆਈ. ਕੋਲ ਗਿਆ। ਸੀ.ਬੀ.ਆਈ. ਨੇ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਖਿਲਾਫ਼ ਇਹ ਕਾਰਵਾਈ ਕੀਤੀ।
ਸਵਾਲ : ਤੁਹਾਡੇ ਨਾਲ ਬਲੈਕਮੇÇਲੰਗ ਦਾ ਕੰਮ ਕਿਵੇਂ ਸ਼ੁਰੂ ਹੋਇਆ?
ਜਵਾਬ : ਭੁੱਲਰ ਦਾ ਕਿਰਸ਼ਾਨੂੰ ਨਾਂ ਦਾ ਇਕ ਬਰੋਕਰ ਹੈ, ਜੋ ਆ ਕੇ ਮੈਨੂੰ ਮਿਲਿਆ ਅਤੇ ਮੈਨੂੰ ਕਹਿੰਦਾ ਕਿ ਮੈਨੂੰ ਡੀ.ਆਈ.ਜੀ. ਦਾ ਮੈਸਜ ਆਇਆ ਹੈ ਕਿ ਤੁਹਾਡਾ ਕਾਰੋਬਾਰ ਵਧੀਆ ਚਲਦਾ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਡੀ.ਆਈ.ਜੀ. ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੈਂ ਕਿਹਾ ਕਿ ਚਲੋ ਦੀਵਾਲੀ, ਦੁਸ਼ਹਿਰਾ ’ਤੇ ਜੋ ਚਲਦਾ ਹੈ ਅਸੀਂ ਕਰ ਦਿਆਂਗਾ। ਇਸ ਤੋਂ ਬਾਅਦ ਮੈਨੂੰ ਫ਼ੋਨ ਆਇਆ ਕਿ ਤੁਸੀਂ ਸਾਨੂੰ ਪਿਛਲੇ ਮਹੀਨੇ ਦਾ ਬਕਾਇਆ ਵੀ ਨਹੀਂ ਦਿੱਤਾ,ਜਦੋਂ ਮੈਂ ਕਿਹਾ ਕਿ ਮੈਂ ਕਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਹਰ ਮਹੀਨੇ ਕੁੱਝ ਪੈਸੇ ਅਦਾ ਕਰਾਂਗਾ। ਇਸ ਤੋਂ ਬਾਅਦ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਡੀ.ਆਈ. ਜੀ. ਕਹਿੰਦੇ ਹਨ ਕਿ ਚਲੋਂ ਅਸੀਂ ਦੇਖ ਲਵਾਂਗੇ।
ਸਵਾਲ : ਤੁਹਾਨੂੰ ਡਰ ਨਹੀਂ ਲੱਗਿਆ ਇਕ ਡੀ.ਆਈ.ਜੀ. ਨਾਲ ਪੰਗਾ ਲੈਣ ਲੱਗਿਆਂ।
ਜਵਾਬ : ਇਸ ਵਾਰ ਮੈਂ ਸੋਚ ਲਿਆ ਸੀ ਕਿ ਹਰ ਰੋਜ ਦੀ ਮੌਤ ਮਰਨ ਨਾਲੋਂ ਇਕ ਦਿਨ ਮਰ ਜਾਣਾ ਚੰਗਾ ਹੈ। ਮੈਂ ਸੋਚਿਆ ਕਿ ਦੇਖ ਲਵਾਂਗੇ ਇਹ ਕਿੱਡਾ ਕੁ ਬਦਮਾਸ਼ ਹੈ। ਇਹ ਕੋਈ ਬਦਮਾਸ਼ ਨਹੀਂ ਸੀ ਸਗੋਂ ਅਸੀਂ ਇਸ ਦੀ ਵਰਦੀ ਦੀ ਇੱਜ਼ਤ ਕਰਦੇ ਸਾਂ। ਜਦੋਂ ਭੁੱਲਰ ਨੂੰ ਸੀ.ਬੀ.ਆਈ. ਨੂੰ ਫੜਿਆ ਤਾਂ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਹਾ ਸੀ।
ਸਵਾਲ : ਡੀ.ਆਈ. ਜੀ. ਨੇ ਕਿੰਨੇ ਪੈਸੇ ਮੰਗੇ ਸਨ?
ਜਵਾਬ : ਇਸ ਨੇ ਮੇਰੇ ਕੋਲੋਂ 8 ਲੱਖ ਰੁਪਏ ਮੰਗੇ ਸਨ। ਇਸ ਦੇ ਨਾਲ ਹੀ ਕਿਹਾ ਸੀ ਕਿ ਜਿੰਨੇ ਪੈਸੇ ਮਿਲਦੇ ਹਨ ਉਹ ਇਸ ਤੋਂ ਲੈ ਲਵੋ, ਬਾਕੀ ਅਸੀਂ ਇਸ ਤੋਂ 8 ਲੱਖ ਰੁਪਏ ਪੂਰੇ ਵਸੂਲਣੇ ਹਨ। ਇਸ ਨੂੰ ਮੈਨੂੰ ਪਹਿਲੀ ਕਿਸ਼ਤ 5 ਲੱਖ ਰੁਪਏ ਦੇਣ ਲਈ ਗਿਆ ਸੀ ਅਤੇ ਮੌਕੇ ’ਤੇ ਸੀ.ਬੀ.ਆਈ. ਨੇ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ।
ਸਵਾਲ : ਇਸ ਮਾਮਲੇ ’ਚ ਲੰਬੀ ਕਾਨੂੰਨੀ ਲੜਾਈ ਲਈ ਤੁਸੀਂ ਤਿਆਰ ਹੋ?
ਜਵਾਬ : ਮੈਂ ਪ੍ਰਮਾਤਮਾ ਨੂੰ ਹਾਜ਼ਰ ਮੰਨ ਕੇ ਕਹਿੰਦਾ ਹਾਂ ਕਿ ਮੈਂ ਭੁੱਲਰ ਨੂੰ ਸਜ਼ਾ ਕਰਵਾ ਕੇ ਰਹਾਂਗਾ। ਜੇ ਮੈਂ ਇਸ ਨੂੰ ਸਜ਼ਾ ਨਾ ਕਰਵਾਈ ਤਾਂ ਮੈਂ ਜਿਊਣਾ ਛੱਡ ਦਿਆਂਗਾ ਪਰ ਮੈਂ ਇਸ ਨੂੰ ਹੁਣ ਬਖਸ਼ਾਂਗਾ ਨਹੀਂ। ਕਿਉਂਕਿ ਇਸ ਨੇ ਬਹੁਤ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ। ਤੁਸੀਂ ਇਸ ਦੇ ਘਰੋਂ 7 ਕਰੋੜ ਰੁਪਏ ਬਰਾਮਦ ਹੋਏ ਹਨ ਇਹ ਸਾਰਾ ਕੁੱਝ ਤਨਖਾਹ ਨਹੀਂ ਬਣਾਇਆ ਗਿਆ, ਸਗੋਂ ਠੱਗੀਆਂ ਮਾਰ ਕੇ ਬਣਾਇਆ ਹੈ। ਮੈਂ ਲੱਖਾਂ ਰੁਪਏ ਦਾ ਬਿਜ਼ਨਸ ਕਰਦਾ ਹਾਂ ਮੇਰੇ ਘਰੋਂ ਇੰਨੇ ਪੈਸੇ ਨਹੀਂ ਮਿਲਨੇ, ਜਿੰਨੇ ਇਸ ਦੇ ਘਰੋਂ ਬਰਾਮਦ ਹੋਏ ਹਨ।
ਸਵਾਲ : ਤੁਹਾਨੂੰ ਪੂਰੀ ਸੰਤੁਸ਼ਟੀ ਹੈ ਕਿ ਤੁਸੀਂ ਕੋਈ ਗਲਤ ਕਦਮ ਤਾਂ ਨਹੀਂ ਚੁੱਕਿਆ?
ਜਵਾਬ : ਮੈਨੂੰ ਬਹੁਤ ਸੰਤੁਸ਼ਟੀ ਹੈ ਅਤੇ ਮੈਨੂੰ ਰਾਤ ਬਹੁਤ ਵਧੀਆ ਨੀਂਦ ਆਈ। ਜਦੋਂ ਮੈਂ ਰਾਤੀਂ ਆਪਣਾ ਫ਼ੋਨ ਦੇਖ ਰਿਹਾ ਸੀ ਤਾਂ ਲੋਕ ਲਿਖ ਰਹੇ ਸਨ ਕਿ ਸਾਡੇ ਸਾਰਿਆਂ ਦਾ ਬਦਲਾ ਲਿਆ ਗਿਆ ਹੈ। ਕਿਉਂਕਿ ਜਿਹੜੇ ਲੋਕ ਡੀ.ਆਈ. ਜੀ. ਹਰਚਰਨ ਸਿੰਘ ਭੁੱਲਰ ਦੀਆਂ ਕਰਤੂਤਾਂ ਤੋਂ ਪ੍ਰੇਸ਼ਾਨ ਅਤੇ ਕਿਸੇ ਕਾਰਨ ਕਰਕੇ ਉਹ ਡੀ.ਆਈ. ਜੀ. ਦੇ ਖਿਲਾਫ਼ ਨਹੀਂ ਬੋਲ ਸਕੇ ਸਨ ਉਹ ਲੋਕ ਸਾਰੇ ਕਹਿ ਰਹੇ ਹਨ ਕਿ ਇਹ ਬਹੁਤ ਵਧੀਆ ਕੰਮ ਹੋਇਆ। ਅਕਾਸ਼ ਨੇ ਕਿਹਾ ਕਿ ਜੇਕਰ ਇਹ ਵਿਅਕਤੀ ਨਾ ਫੜਿਆ ਜਾਂਦਾ ਇਸ ਬੰਦੇ ਨੇ ਦੀਵਾਲੀ ਮੌਕੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਰਿਸ਼ਵਤ ਦੇ ਰੂਪ ਵਿਚ ਘਾਣ ਕਰਨਾ ਸੀ।