
ਸਰਕਾਰ ਵਲੋਂ ਯੂਨੀਵਰਸਟੀ ਦੀ ਵਿੱਤੀ ਮਦਦ ਨਾ ਕਰਨ ’ਤੇ ਵਿਗੜੇ ਹਾਲਾਤ
ਚੰਡੀਗੜ੍ਹ : ਪੰਜਾਬੀ ਯੂਨੀਵਰਸਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਵਲੋਂ ਅਸਤੀਫ਼ਾ ਦਿਤੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਵਿਰੁਧ ਤਿੱਖੀ ਪ੍ਰਤੀਕਿ੍ਰਆ ਜ਼ਾਹਰ ਕਰਦੇ ਹੋਏ ਇਸ ਨੂੰ ਮੰਦਭਾਗਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਟੀ ਦੀ ਆਰਥਕ ਮਦਦ ਕਰਨ ਤੋਂ ਪਿੱਛੇ ਹੱਟਣ ਕਾਰਨ ਸਿਖਿਆ ਪ੍ਰੇਮੀਆਂ ਨੂੰ ਕਾਫ਼ੀ ਨਿਰਾਸ਼ਾ ਹੋਈ ਹੈ।
B.S.Ghuman
ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਪਟਿਆਲਾ ਵਿਚ ਨਵੀਂ ਖੇਡ ਯੂਨੀਵਰਸਟੀ ਸਥਾਪਤ ਕਰਨ ਜਾ ਰਹੀ ਹੈ। ਪਰ ਦੂਜੇ ਪਾਸੇ ਮਾਲਵੇ ਨੂੰ ਸਿਖਿਆ ਖੇਤਰ ਵਿਚ ਅਥਾਹ ਅਮੀਰ ਬਣਾਉਣ ਵਾਲੀ ਪੰਜਾਬੀ ਯੂਨੀਵਰਸਟੀ ਪਟਿਆਲਾ ਨੂੰ ਲਵਾਰਸ ਛੱਡਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਸਿਖਿਆ ਵਰਗੇ ਮਿਹਤਵਪੁਰਣ ਅਦਾਰਿਆਂ ਪ੍ਰਤੀ ਗੰਭੀਰ ਨਹੀ ਹੈ। ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੂਨੀਵਰਸਟੀ ਨੂੰ ਬਚਾਉਣ ਲਈ ਅੱਗੇ ਆਉਣ।
Parminder Dhindsa
ਸ. ਢੀਂਡਸਾ ਨੇ ਕਿਹਾ ਕਿ ਡਾ. ਘੁੰਮਣ ਦਾ ਪੰਜਾਬੀ ਯੂਨੀਵਰਸਟੀ ਵਿਚ ਇਕ ਚੰਗੇ ਪ੍ਰਸ਼ਾਸਕ ਅਤੇ ਸਿਖਿਆ ਸ਼ਾਸ਼ਤਰੀ ਦੇ ਰੂਪ ਵਿਚ ਸੇਵਾ ਨਿਭਾਉਂਦੇ ਹੋਏ ਅਚਾਨਕ ਅਹੁਦੇ ਤੋਂ ਲਾਂਬੇ ਹੋ ਜਾਣਾ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ’ਤੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਸਿਖਿਆ ਖੇਤਰ ਦੇ ਮਾਹਰ ਉਪ ਕੁਲਪਤੀ ਡਾ. ਬੀ.ਐਸ ਘੁੰਮਣ ਵਲੋਂ ਅਸਤੀਫ਼ਾ ਦਿਤੇ ਜਾਣ ਦਾ ਕਾਫੀ ਦੁੱਖ ਹੈ।
Parminder Singh Dhindsa
ਉਨ੍ਹਾ ਕਿਹਾ ਕਿ ਡਾ. ਘੁੰਮਣ ਵਲੋਂ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਲਈ ਕਾਫ਼ੀ ਚਾਰਾਜੋਈ ਕੀਤੀ ਗਈ ਸੀ, ਪ੍ਰੰਤੂ ਸਰਕਾਰ ਵਲੋਂ ਇਸ ਸਬੰਧ ਵਿਚ ਕੋਈ ਹੁੰਗਾਰਾ ਨਾ ਮਿਲਣ ’ਤੇ ਉਨ੍ਹਾਂ ਨੇ ਅਸਤੀਫ਼ਾ ਦੇਣਾ ਹੀ ਬਿਹਤਰ ਸਮਝਿਆ। ਸ. ਢੀਂਡਸਾ ਨੇ ਕਿਹਾ ਕਿ ਉਹ ਇਸ ਸਿਖਿਆ ਅਦਾਰੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਇਸਦੇ ਲਈ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕੁਲਪਤੀ-ਕਮ ਰਾਜਪਾਲ ਪੰਜਾਬ ਡਾ ਵੀ.ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇਕੇ ਪੰਜਾਬੀ ਯੂਨੀਵਰਸਟੀ ਨੂੰ ਆਰਥਕ ਮਦਦ ਦਿਤੇ ਜਾਣ ਦੀ ਮੰਗ ਕਰਨਗੇ।