
ਦਖਣੀ ਆਸਟ੍ਰੇਲੀਆ ਵਿਚ ਕੋਰੋਨਾ ਦਾ ਮੁੜ ਖ਼ਤਰਾ
ਛੇ ਦਿਨ ਲਈ ਸੰਪੂਰਨ ਤਾਲਾਬੰਦੀ ਦਾ ਕੀਤਾ ਐਲਾਨ
ਐਡੀਲੇਡ, 18 ਨਵੰਬਰ: ਸੰਸਾਰ ਵਿਚ ਕੋਵਿਡ ਦੇ ਚੱਲ ਰਹੇ ਮਾੜੇ ਦੌਰ ਵਿਚ ਦਖਣੀ ਆਸਟ੍ਰੇਲੀਆ ਵਿਚ ਹੁਣ ਤਕ ਕੋਰੋਨਾ ਦੀ ਸਥਿਤੀ ਕਾਬੂ ਹੇਠ ਸੀ। ਪਰ ਇਕ ਵਾਰ ਫਿਰ ਐਡੀਲੇਡ ਵਿਚ ਕੋਰੋਨਾ ਨੇ ਕੁੱਝ ਹੀ ਦਿਨਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਪੁਲਿਸ ਅਤੇ ਪ੍ਰਸ਼ਾਸਨ ਕਿਸੇ ਵੱਡੇ ਤੂਫ਼ਾਨ ਤੋਂ ਡਰਦੇ ਸਖ਼ਤ ਕਦਮ ਚੁਕਣ ਦੇ ਰੁਖ਼ ਵਿਚ ਹਨ ਕਿਉਂਕਿ ਪਿਛਲੇ ਦਿਨੀਂ ਇਕ ਪ੍ਰਵਾਰ ਵਿਚੋਂ ਤੁਰਿਆ ਕੋਰੋਨਾ ਰਾਤੋ ਰਾਤ ਨੰਬਰ 17 ਤਕ ਪਹੁੰਚ ਗਿਆ ਸੀ। ਇਸ ਦੇ ਚਲਦਿਆਂ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਅਤੇ ਕੋਰੋਨਾ ਦੀ ਦੂਜੀ ਲਹਿਰ ਉਤੇ ਕਾਬੂ ਪਾਉਣ ਲਈ ਦਖਣੀ ਆਸਟ੍ਰੇਲੀਆ ਵਿਚ ਛੇ ਦਿਨ ਲਈ ਸੰਪੂਰਨ ਤਾਲਾਬੰਦੀ ਦਾ ਐਲਾਨ ਕਰ ਦਿਤਾ ਗਿਆ।
ਛੇ ਦਿਨਾਂ ਤੋਂ ਬਾਅਦ ਅੱਠ ਦਿਨਾਂ ਲਈ ਥੋੜ੍ਹੀ ਨਰਮਾਈ ਭਰਪੂਰ ਤਾਲਾਬੰਦੀ ਅਮਲ ਵਿਚ ਲਿਆਂਦੀ ਜਾਵੇਗੀ। ਭਾਵ ਕਿ ਦਖਣੀ ਆਸਟ੍ਰੇਲੀਆ ਵਿਚ ਅਗਲੇ ਦੋ ਹਫ਼ਤੇ ਕਾਫ਼ੀ ਅਹਿਮ ਹੋਣਗੇ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਸਬੰਧੀ ਦਸਿਆ ਕਿ ਦਖਣੀ ਆਸਟ੍ਰੇਲੀਆ ਦੇ ਵਸਨੀਕਾਂ ਲਈ ਇਹ ਇਕ ਵੱਡੀ ਚੁਨੌਤੀ ਹੋਵੇਗੀ ਜਿਸ ਦੀ ਸ਼ੁਰੂਆਤ ਅੱਜ ਬੁਧਵਾਰ ਰਾਤ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਕੋਰੋਨਾ ਤੋਂ ਪਾਰ ਪਾਉਣ ਲਈ ਤਾਲਾਬੰਦੀ ਲਾਉਣੀ ਲਾਜ਼ਮੀ ਸੀ, ਉਨ੍ਹਾਂ ਸ਼ਹਿਰੀਆਂ ਨੂੰ ਇਕ-ਦੂਜੇ ਦਾ ਖ਼ਿਆਲ ਰੱਖਣ ਦੀ ਬੇਨimageਤੀ ਵੀ ਕੀਤੀ ਹੈ। ਆਮ ਲੋਕਾਂ ਤੇ ਹੋਰ ਕਈ ਪਾਬੰਦੀਆਂ ਤੋਂ ਇਲਾਵਾ ਲੋਕਾਂ ਨੂੰ ਸਿਰਫ਼ ਸੌਦਾ ਪੱਤਾ ਖ਼੍ਰੀਦਣ ਲਈ ਹੀ ਘਰੋਂ ਦਿਹਾੜੀ ਵਿਚ ਇਕ ਵਾਰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। (ਏਜੰਸੀ)