
ਝੋਨੇ ਦੀ ਤਸਕਰੀ ਕਰਨ ਵਾਲੇ ਵਪਾਰੀਆਂ ਵਿਰੁਧ ਸਖ਼ਤ ਕਾਰਵਾਈ, 70 ਤੋਂ ਵਧ ਕੇਸ ਦਰਜ : ਆਸ਼ੂ
ਚੰਡੀਗੜ੍ਹ, 18 ਨਵੰਬਰ (ਐਸ.ਐਸ. ਬਰਾੜ) : ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ 'ਚ ਵੇਚਣ ਜਾਂ ਕਾਗਜ਼ਾਂ 'ਚ ਹੀ ਝੋਨੇ ਦੀ ਖ਼ਰੀਦ ਦੱਸ ਕੇ ਹੇਰਾਫੇਰੀ ਕਰਨ ਵਾਲੀਆਂ 7 ਚੌਲ ਮਿੱਲਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ 1200 ਤੋਂ 1300 ਰੁਪਏ ਕੁਇੰਟਲ ਦਾ ਝੋਨਾ ਖ਼ਰੀਦ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦੇ ਮਾਮਲੇ 'ਚ 70 ਤੋਂ ਵਧ ਕੇਸ ਦਰਜ ਕੀਤੇ ਜਾ ਚੁੱਕੇ ਹਨ।
ਇਹ ਜਾਣਕਾਰੀ ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਦਿਤੀ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਇਸ ਵਾਰ ਵੱਡੀ ਪੱਧਰ 'ਤੇ ਸਸਤਾ ਝੋਨਾ ਖ਼ਰੀਦ ਕੇ, ਪੰਜਾਬ ਦੀਆਂ ਮੰਡੀਆਂ 'ਚ ਵੇਚ ਕੇ ਚੌਲ ਮਿੱਲਾਂ ਅਤੇ ਵਪਾਰੀਆਂ ਵਲੋਂ ਮੋਟੀ ਕਮਾਈ ਕੀਤੀ ਜਾ ਰਹੀ ਹੈ।
ਸ੍ਰੀ ਆਸ਼ੂ ਨੇ ਦਸਿਆ ਕਿ 200 ਲੱਖ ਟਨ ਤੋਂ ਵਧ ਝੋਨੇ ਦੀ ਖ਼ਰੀਦ ਹੋ ਚੁਕੀ ਹੈ ਜਦਕਿ 170 ਲੱਖ ਟਨ ਦੇ ਨੇੜੇ ਝੋਨਾ ਆਉਣ ਦੀ ਸੰਭਾਵਨਾ ਸੀ। ਉਨ੍ਹਾਂ ਦਸਿਆ ਕਿ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੀ ਰੀਪੋਰਟ ਅਨੁਸਾਰ ਇਸ ਵਾਰ ਝੋਨੇ ਦਾ ਝਾੜ 10 ਤੋਂ 12 ਫ਼ੀ ਸਦੀ ਵਧਿਆ ਹੈ। ਇਸ ਨਾਲ 17 ਤੋਂ 20 ਲੱਖ ਟਨ ਉਤਪਾਦਨ ਵਧ ਹੋਇਆ।
ਦੂਜਾ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵਪਾਰੀਆਂ ਨੇ ਸਸਤਾ ਝੋਨਾ ਖਰੀਦ ਕੇ ਪੰਜਾਬ 'ਚ ਵੇਚਿਆ ਹੈ। ਜਿਉਂ ਹੀ ਸਰਕਾਰ ਨੂੰ ਇਸ ਦੀ ਰੀਪੋਰਟ ਮਿਲੀ ਤਾਂ ਰਾਜ ਦੀਆਂ ਸਰਹੱਦਾਂ 'ਤੇ ਸੜਕਾਂ ਉਪਰ ਨਾਕੇ ਲਗਾ ਕੇ ਕਈ ਟਰੱਕ ਅਤੇ ਟਰਾਲੀਆਂ ਫੜੀਆਂ। ਪੰਜਾਬ ਸਰਕਾਰ ਨੇ ਚੌਲ ਮਿੱਲਾਂ 'ਚ ਪਏ ਮਾਲ ਦੀ ਚੈਕਿੰਗ ਵੀ ਆਰੰਭੀ ਹੋਈ ਹੈ ਅਤੇ ਝੋਨਾ ਤਸਕਰੀ ਕਰ ਕੇ ਲਿਆਉਣ ਵਾਲੇ ਵਪਾਰੀਆਂ ਅਤੇ ਚੌਲ ਮਿੱਲਾਂ ਵਿਰੁਧ ਕਾਰਵਾਈ ਹੋ ਰਹੀ ਹੈ। ਉਨ੍ਹਾਂ ਦਸਿਆ ਕਿ ਜਦ ਉਨ੍ਹਾਂ ਦੀ ਸਰਕਾਰ ਬਣੀ ਤਾਂ ਇਸ ਗੋਰਖ ਧੰਦੇ ਨੂੰ ਬੰਦ ਕਰਨ ਲਈ ਪੂਰੀ ਸਖ਼ਤੀ ਕੀਤੀ ਗਈ ਅਤੇ ਤਸਕਰੀ ਬੰਦ ਕੀਤੀ। ਪਹਿਲਾਂ ਚੌਲ ਮਿੱਲਾਂ ਬਾਹਰਲੇ ਰਾਜਾਂ ਤੋਂ ਸਸਤਾ ਚੌਲ ਲਿਆ ਕੇ, ਸਰਕਾਰੀ ਚੌਲ 'ਚ ਮਿਲਾ ਕੇ ਸਰਕਾਰ ਨੂੰ ਦੇ ਰਹੀਆਂ ਸਨ। ਪ੍ਰੰਤੂ ਉਨ੍ਹਾਂ ਦੀ ਸਰਕਾਰ ਨੇ ਇਸ ਨੂੰ ਬੰਦ ਕੀਤਾ।
ਇਹ ਪਹਿਲੀ ਵਾਰ ਹੈ ਕਿ ਇਕ ਤਾਂ ਫ਼ਸਲ ਭਰਪੂਰ ਹੋਈ ਹੈ ਅਤੇ ਦੂਜਾ ਕੋਰੋਨਾ ਦੀ ਬੀਮਾਰੀ ਕਾਰਨ ਮੰਡੀਆਂ ਦੀ ਗਿਣਤੀ ਕਾਫ਼ੀ ਵਧਾਈ ਗਈ। ਚੌਲ ਮਿੱਲਾਂ ਨੂੰ ਵੀ ਖਰੀਦ ਕੇਂਦਰ ਐਲਾਨਿਆ ਗਿਆ। ਸ਼ਾਇਸ ਇਸੇ ਕਾਰਨ ਝੋਨੇ ਦੀ ਖਰੀਦ 'ਚ ਕੁੱਝ ਗੜਬੜ ਹੋਈ। ਪ੍ਰੰਤੂ ਸਰਕਾਰ ਨੇ ਪੂਰੀ ਸਖ਼ਤੀ ਵਰਤ ਕੇ ਇਸ ਨੂੰ ਰੋਕਿਆ ਹੈ। ਜੇਕਰ ਸਖ਼ਤੀ ਨਾ ਵਰਤੀ ਜਾਂਦੀ ਤਾਂ ਮੰਡੀਆਂ 'ਚ ਝੋਨਾ ਰੱਖਣ ਨੂੰ ਥਾਂ ਨਹੀਂ ਸੀ ਮਿਲਦੀ। ਹੁਣ ਵੀ ਮਿੱਲਾਂ 'ਚ ਪਏ ਮਾਲ ਦੀ ਪੜਤਾਲ ਹੋ ਰਹੀ ਹੈ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਹੋਵੇਗੀ।
image