
ਡਿਵਿਲੀਅਰਜ਼ ਨੇ ਕਿ੍ਰਕਟ ਦੇ ਸਾਰੇ ਰੂਪਾਂ ਤੋਂ ਸਨਿਆਸ ਲਿਆ
ਹੁਣ 37 ਸਾਲ ਦੀ ਉਮਰ ’ਚ ਲਗਦੈ ਰਫ਼ਤਾਰ ਉਨੀ ਤੇਜ਼ ਨਹੀਂ ਰਹੀ : ਡਿਵਿਲੀਅਰਜ਼
ਜੋਹਾਨਸਬਰਗ, 19 ਨਵੰਬਰ : ਦਖਣੀ ਅਫ਼ਰੀਕਾ ਦੇ ਮਹਾਨ ਅਤੇ ਆਧੁਨਿਕ ਕ੍ਰਿਕਟ ਦੇ ਸੱਭ ਤੋਂ ਖ਼ਤਰਨਾਕ ਬੱਲੇਬਾਜ਼ਾਂ ਵਿਚੋਂ ਇਕ ਦਖਣੀ ਅਫ਼ਰੀਕਾ ਦੇ ਏਬੀ ਡਿਵਿਲੀਅਰਜ਼ ਨੇ 17 ਸਾਲ ਤਕ ਅਪਣੀ ‘360 ਡਿਗਰੀ ਬੱਲੇਬਾਜ਼ੀ’ ਦੇ ਦਮ ’ਤੇ ਨਵੀਂਆਂ ਬੁਲੰਦੀਆਂ ਨੂੰ ਛੂਹਣ ਤੋਂ ਬਾਅਦ ਖੇਡ ਦੇ ਸਾਰੇ ਰੂਪਾਂ ਤੋਂ ਸਨਿਆਸ ਲੈ ਲਿਆ। ਡਿਵਿਲੀਅਰਜ਼ ਨੇ ਟਵਿਟਰ ’ਤੇ ਇਹ ਐਲਾਨ ਕੀਤਾ। ਦਖਣੀ ਅਫ਼ਰੀਕਾ ਲਈ ਉਨ੍ਹਾਂ ਨੇ 114 ਟੈਸਟ, 228 ਇਕ ਦਿਨਾਂ ਅਤੇ 78 ਟੀ-20 ਮੈਚ ਖੇਡੇ। ਉਨ੍ਹਾਂ ਅਪਣੇ ਬਿਆਨ ਵਿਚ ਕਿਹਾ,‘‘ਇਹ ਅਸਾਧਾਰਨ ਸਫ਼ਰ ਰਿਹਾ ਪਰ ਮੈਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ,‘‘ਅਪਣੇ ਵੱਡੇ ਭਰਾਵਾਂ ਨਾਲ ਘਰ ਦੇ ਵਿਹੜੇ ਵਿਚ ਖੇਡਣ ਤੋਂ ਲੈ ਕੇ ਹੁਣ ਤਕ ਮੈਂ ਖੇਡ ਦਾ ਪੂਰਾ ਮਜ਼ਾ ਲਿਆ ਹੈ। ਹੁਣ 37 ਸਾਲ ਦੀ ਉਮਰ ਵਿਚ ਲਗਦਾ ਹੈ ਕਿ ਰਫ਼ਤਾਰ ਉਨੀ ਤੇਜ਼ ਨਹੀਂ ਰਹੀ।’’
ਡਿਵਿਲੀਅਰਜ਼ ਨੇ ਕਿਹਾ,‘‘ਮੈਂ ਜਾਣਦਾ ਹਾਂ ਕਿ ਮੇਰੇ ਮਾਤਾ-ਪਿਤਾ, ਭਰਾਵਾਂ, ਪਤਨੀ ਡੇਨਿਅਲੇ ਅਤੇ ਬੱਚਿਆਂ ਦੇ ਸਹਿਯੋਗ ਅਤੇ ਬਲੀਦਾਨਾਂ ਤੋਂ ਬਿਨਾਂ ਇਹ ਸੰਭਵ ਨਹੀਂ ਹੋਣਾ ਸੀ। ਮੈਂ ਸਾਡੇ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ, ਜਿਸ ਵਿਚ ਉਨ੍ਹਾਂ ਨੂੰ ਸੱਭ ਤੋਂ ਪਹਿਲਾਂ ਰੱਖ ਸਕਾਂ।’’ ਉਨ੍ਹਾਂ ਕਿਹਾ,‘‘ਮੈਂ ਅਪਣੇ ਹਰ ਸਾਥੀ, ਵਿਰੋਧੀ ਖਿਡਾਰੀ, ਕੋਚਾਂ, ਫ਼ਿਜ਼ੀਉ ਅਤੇ ਸਟਾਫ਼ ਦੇ ਮੈਂਬਰਾਂ ਦਾ ਧਨਵਾਦ ਕਰਨਾ ਚਾਹੁੰਦਾ ਹਾਂ। ਦਖਣੀ ਅਫ਼ਰੀਕਾ ਵਿਚ, ਭਾਰਤ ਵਿਚ ਜਾਂ ਜਿਥੇ ਵੀ ਮੈਂ ਕ੍ਰਿਕਟ ਖੇਡੀ ਹੈ, ਮੈਨੂੰ ਮਿਲੇ ਸਹਿਯੋਗ ਲਈ ਧਨਵਾਦ।’’ ਡਿਵਿਲੀਅਰਜ਼ ਨੇ 2011 ਵਿਚ ਆਈਪੀਐਲ ਟੀਮ ਆਰਸੀਬੀ ਨਾਲ ਖੇਡਣਾ ਸ਼ੁਰੂ ਕੀਤਾ ਤੇ 11 ਸਤਰ ਖੇਡੇ ਹਨ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਉਨ੍ਹਾਂ ਨੇ 156 ਮੈਚ ਖੇਡ ਕੇ 4491 ਦੌੜਾਂ ਬਣਾਈਆਂ। (ਪੀਟੀਆਈ)