
ਬੰਦੇ ਕਹਿੰਦੇ - 'ਨਸ਼ਾ ਮੁਕਤ ਹੈ ਪੂਰਾ ਹਲਕਾ, ਰੱਜ ਕੇ ਵਿਕਾਸ ਹੋਇਆ, ਕੋਈ ਦੁੱਖ-ਤਕਲੀਫ਼ ਨਹੀਂ'
ਸਨੌਰ: ਪੰਜਾਬ ਦੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਰੋਜ਼ਾਨਾ ਸਪੋਕਸਮੈਨ ਵਲੋਂ ‘ਸਪੋਕਸਮੈਨ ਦੀ ਸੱਥ’ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਰਕਾਰਾਂ ਤੋਂ ਉਹਨਾਂ ਦੀਆਂ ਉਮੀਦਾਂ ਸਬੰਧੀ ਉਹਨਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ‘ਸਪੋਕਸਮੈਨ ਦੀ ਸੱਥ’ ਦੀ ਲੜੀ ਵਿਚ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦੇ ਲੋਕਾਂ ਨਾਲ ਗੱਲਬਾਤ ਕੀਤੀ। ਹਲਕੇ ਦੀਆਂ ਬੀਬੀਆਂ ਨੇ ਸਿਆਸੀ ਆਗੂਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਹਨਾਂ ਪੋਲ ਖੋਲ੍ਹੀ।
Spokesman Di Sath at Sanour
ਬੀਬੀਆਂ ਨੇ ਦੱਸਿਆ ਕਿ ਇੱਥੇ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਪੁਲਿਸ ਵਾਲੇ ਨਸ਼ਾ ਤਸਕਰਾਂ ਤੋਂ ਹਫ਼ਤਾ ਲੈਂਦੇ ਹਨ। ਹਾਲਾਂਕਿ ਹਲਦੇ ਦੇ ਬੰਦਿਆਂ ਦੇ ਵਿਚਾਰ ਬੀਬੀਆਂ ਤੋਂ ਵੱਖਰੇ ਸਨ। ਉਹਨਾਂ ਦਾ ਕਹਿਣਾ ਹੈ ਕਿ ਇਹ ਹਲਕਾ ਨਸ਼ਾ ਮੁਕਤ ਹੈ ਤੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ। ਹਲਕੇ ਵਿਚ ਬਹੁਤ ਵਿਕਾਸ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਲਕਾ ਸਨੌਰ ਦਾ ਵਿਕਾਸ ਕਾਂਗਰਸ ਸਰਕਾਰ ਮੌਕੇ ਹੀ ਹੋਇਆ ਹੈ। ਇਸ ਤੋਂ ਪਹਿਲਾਂ ਬਹੁਤ ਮਾੜਾ ਹਾਲ ਸੀ। ਸਪੋਕਸਮੈਨ ਦੀ ਸੱਥ ਵਿਚ ਪਹੁੰਚੀਆਂ ਬੀਬੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇ ਅਤੇ ਪੰਜ-ਪੰਜ ਮਰਲੇ ਜ਼ਮੀਨ ਦੇ ਦਿੱਤੇ ਜਾਣ। ਬੀਬੀਆਂ ਨੇ ਕਿਹਾ ਕਿ ਪਿੰਡਾਂ ਵਿਚ ਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਪੈਸੇ ਕਮਾ ਸਕਣ।
Spokesman Di Sath at Sanour
ਰੁਜ਼ਗਾਰ ਨੂੰ ਲੈ ਹਲਕੇ ਦੇ ਨੌਜਵਾਨ ਸੰਤੁਸ਼ਟ
ਸੱਥ ਵਿਚ ਪਹੁੰਚੇ ਨੌਜਵਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵਲੋਂ ਲਗਾਏ ਗਏ ਰੁਜ਼ਗਾਰ ਮੇਲਿਆਂ ਦੌਰਾਨ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਨੌਜਵਾਨਾਂ ਲਈ ਚੰਨੀ ਸਰਕਾਰ ਨੇ ਹੋਰ ਵੀ ਐਲਾਨ ਕੀਤੇ ਹਨ। ਇਸ ਨਾਲ ਜਨਤਾ ਦਾ ਬਹੁਤ ਫਾਇਦਾ ਹੋ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਦਲਣ ਨਾਲ ਬਹੁਤ ਬਦਲਾਅ ਆਇਆ ਹੈ, ਹੁਣ ਆਮ ਲੋਕਾਂ ਦੀ ਸੁਣਵਾਈ ਹੁੰਦੀ ਹੈ। ਚੰਨੀ ਸਾਬ੍ਹ ਨੇ ਕਾਂਗਰਸ ਵਿਚ ਜਾਨ ਪਾਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚੰਨੀ ਨੂੰ ਮੁੜ ਤੋਂ ਮੁੱਖ ਮੰਤਰੀ ਬਣਨਾ ਚਾਹੀਦਾ ਹੈ।
‘ਹਲਕੇ ਦਾ ਰੱਜ ਕੇ ਹੋਇਆ ਵਿਕਾਸ’
ਹਲਕੇ ਦੇ ਵਿਕਾਸ ਬਾਰੇ ਗੱਲ਼ ਕਰਦਿਆਂ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਨੇ ਦੱਸਿਆ ਕਿ ਹਲਕੇ ਦਾ ਜਿੰਨਾ ਵਿਕਾਸ ਹੁਣ ਹੋਇਆ ਹੈ, ਉਹ ਪਿਛਲੇ 35 ਸਾਲਾਂ ਦੌਰਾਨ ਨਹੀਂ ਹੋਇਆ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਦੇਖਿਆ ਕਿ ਸ਼ਹਿਰ ਵਿਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਪਰ ਸਥਾਨਕ ਲੋਕਾਂ ਨੇ ਕਿਹਾ ਕਿ ਵੇਸਟੇਜ ਪਲਾਂਟ ਲਗਾਇਆ ਹੋਇਆ ਹੈ ਤੇ ਸਾਰਾ ਕੂੜਾ ਉੱਥੇ ਭੇਜਿਆ ਜਾਂਦਾ ਹੈ। ਹਲਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਨੌਰ ਵਿਚ ਵਿਕਾਸ ਲਈ ਸਰਕਾਰ ਵਲੋਂ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
Spokesman Di Sath at Sanour
ਨਸ਼ਾ ਮੁਕਤ ਹੈ ਪੂਰਾ ਹਲਕਾ- ਸਨੌਰ ਵਾਸੀ
ਨਸ਼ੇ ਬਾਰੇ ਗੱਲ ਕਰਦਿਆਂ ਸਨੌਰ ਵਾਸੀਆਂ ਨੇ ਕਿਹਾ ਕਿ ਪੂਰਾ ਹਲਕਾ ਨਸ਼ਾ ਮੁਕਤ ਹੈ। ਉਹਨਾਂ ਦਾ ਕਹਿਣਾ ਹੈ ਕਿ ਹਲਕੇ ਦੇ ਨੌਜਵਾਨ ਤੰਦਰੁਸਤ ਹਨ। ਇੱਥੇ ਨਸ਼ਾ ਨਾ ਦੇ ਬਰਾਬਰ ਹੈ। ਹਲਕੇ ਦੇ ਲੋਕ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਕਦੀ ਵੀ ਲੋਕਾਂ ਦੀ ਸਾਰ ਨਹੀਂ ਲਈ। ਸੱਥ ਵਿਚ ਪਹੁੰਚੇ ਹਲਕੇ ਦੇ ਨੌਜਵਾਨਾਂ ਨੇ ਕਿਹਾ ਕਿ ਸਕੂਲ ਵੀ ਬਹੁਤ ਵਧੀਆ ਸਥਿਤੀ ਵਿਚ ਹਨ।
Spokesman Di Sath at Sanour
ਹਲਕਾ ਸਨੌਰ ਦੀ ਰਹਿਣ ਵਾਲੀ ਇਕ ਆਸ਼ਾ ਵਰਕਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਹਨ। ਉਹਨਾਂ ਕਿਹਾ ਕਿ ਜਦੋਂ ਕੋਈ ਕੰਮ ਹੁੰਦਾ ਹੈ ਤਾਂ ਆਸ਼ਾ ਵਰਕਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਬਣ ਜਾਂਦੀ ਹੈ ਪਰ ਜਦੋਂ ਕੰਮ ਖਤਮ ਹੋ ਜਾਂਦਾ ਹੈ ਤਾਂ ਆਸ਼ਾ ਵਰਕਰ ਨੂੰ ਕੋਈ ਨਹੀਂ ਪੁੱਛਦਾ। ਉਹਨਾ ਦੱਸਿਆ ਕਿ ਜੇਕਰ ਕੋਈ ਕੰਮ ਹੁੰਦਾ ਹੈ ਸਾਨੂੰ ਤਾਂ ਹੀ ਪੈਸੇ ਮਿਲਦੇ ਹਨ ਪਰ ਜਦੋਂ ਕੰਮ ਨਹੀਂ ਹੁੰਦਾ ਤਾਂ ਸਾਨੂੰ ਕੋਈ ਪੈਸਾ ਨਹੀਂ ਮਿਲਦਾ, ਸਾਨੂੰ ਪੱਕੀ ਤਨਖਾਹ ਨਹੀਂ ਲੱਗੀ। ਉਹਨਾਂ ਕਿਹਾ ਕਿ ਅਸੀਂ ਕੋਰੋਨਾ ਕਾਲ ਦੌਰਾਨ ਬਹੁਤ ਕੰਮ ਕੀਤਾ ਅਤੇ ਦਿਨ-ਰਾਤ ਮਿਹਨਤ ਕਰਕੇ ਲੋਕਾਂ ਨੂੰ ਦਵਾਈਆਂ ਪਹੁੰਚਾਈਆਂ ਪਰ ਸਾਨੂੰ ਕੋਈ ਨਹੀਂ ਪੁੱਛ ਰਿਹਾ। ਆਸ਼ਾ ਵਰਕਰ ਨੇ ਦੱਸਿਆ ਕਿ ਪਿੰਡਾਂ ਵਿਚ ਜੇਕਰ ਔਰਤਾਂ ਖਿਲਾਫ ਕੋਈ ਵੀ ਘਟਨਾ ਹੁੰਦੀ ਹੈ ਤਾਂ ਕੋਈ ਸਹਿਯੋਗ ਨਹੀਂ ਦਿੰਦਾ। ਪੁਲਿਸ ਥਾਣੇ ਵਿਚ ਵੀ ਉਸ ਨੂੰ ਪੁੱਛਿਆ ਜਾਂਦਾ ਹੈ ਜੋ ਪੈਸੇ ਦਿੰਦਾ ਹੈ। ਔਰਤਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।
ਬੀਬੀਆਂ ਨੇ ਕਿਹਾ, ‘ਸ਼ਰੇਆਮ ਵਿਕ ਰਿਹਾ ਨਸ਼ਾ
ਹਲਕੇ ਦੀਆਂ ਬੀਬੀਆਂ ਦਾ ਕਹਿਣਾ ਹੈ ਕਿ ਇੱਥੋਂ ਦੇ ਪਿੰਡਾਂ ਵਿਚ ਨਸ਼ਾ ਬਹੁਤ ਜ਼ਿਆਦਾ ਹੈ ਅਤੇ ਸ਼ਰੇਆਮ ਵਿਕ ਰਿਹਾ ਹੈ। ਉਹਨਾਂ ਕਿਹਾ ਘਰ ਦੇ ਹਾਲਾਤ ਔਰਤਾਂ ਨੂੰ ਪਤਾ ਹਨ। ਇਕ ਬੀਬੀ ਨੇ ਦੱਸਿਆ ਕਿ ਨਸ਼ੇ ਕਾਰਨ ਹਲਕੇ ਦੇ ਤਿੰਨ ਪਿੰਡ ਬਿਲਕੁਲ ਬਰਬਾਦ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਦਾ ਲੜਕਾ ਨਸ਼ਾ ਖਰੀਦਣ ਲਈ ਘਰ ਦਾ ਸਮਾਨ ਵੇਚ ਦਿੰਦਾ ਹੈ। ਉਹਨਾਂ ਅਪੀਲ ਕੀਤੀ ਕਿ ਨਸ਼ੇ ਨੂੰ ਠੱਲ ਪਾਈ ਜਾਵੇ। ਬੀਬੀਆਂ ਨੇ ਦੱਸਿਆ ਕਿ ਪੁਲਿਸ ਵਾਲੇ ਨਸ਼ਾ ਤਸਕਰਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦੇ ਹਨ।
Spokesman Di Sath at Sanour
ਸਕੂਲਾਂ ਵਿਚ ਸਫਾਈ ਕਰਨ ਵਾਲੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਮਿਲ ਰਹੇ 500 ਰੁਪਏ
ਸਕੂਲਾਂ ਵਿਚ ਸਫਾਈ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਤੀ ਮਹੀਨਾ ਸਿਰਫ 500 ਰੁਪਏ ਮਿਲਦੇ ਹਨ, ਇਹ ਵੀ ਬੱਚਿਆਂ ਤੋਂ ਇਕੱਠੇ ਕਰਕੇ ਦਿੱਤੇ ਜਾਂਦੇ ਹਨ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਤਨਖਾਹ ਵਧਾਈ ਜਾਵੇ। ਬੀਬੀਆਂ ਨੇ ਦੱਸਿਆ ਕਿ ਐਮ ਏ ਤੱਕ ਪੜ੍ਹਾਈ ਕਰ ਚੁੱਕੇ ਨੌਜਵਾਨ ਪਿੰਡਾਂ ਵਿਚ ਵਿਹਲ਼ੇ ਫਿਰ ਰਹੇ ਹਨ, ਉਹਨਾਂ ਨੂੰ ਕੋਈ ਰੁਜ਼ਾਗਰ ਨਹੀਂ ਮਿਲਿਆ। ਉਹਨਾਂ ਕਿਹਾ ਮੁੱਖ ਮੰਤਰੀ ਬਦਲਣ ਤੋਂ ਬਾਅਦ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ।
Spokesman Di Sath at Sanour
ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਸਰਕਾਰ ਵਲੋਂ ਪੂਰੀ ਗ੍ਰਾਂਟ ਨਹੀਂ ਆ ਰਹੀ। ਪਿੰਡਾਂ ਵਿਚ ਸਫਾਈ ਦਾ ਕੰਮ ਨਰੇਗਾ ਸਕੀਮ ਤਹਿਤ ਕਰਵਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਸਫਾਈ ਸੇਵਕਾਂ ਦੀ ਪੋਸਟ ਨਹੀਂ ਹੈ, ਇਸ ਲਈ ਅਪਣੇ ਖਰਚੇ ਵਿਚੋਂ ਹੀ ਸਫਾਈ ਸੇਵਕਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ। ਇਹਨਾਂ ਪੋਸਟਾਂ ਲਈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ। ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਤੋਂ ਵੀ ਹਲਕੇ ਦੇ ਲੋਕ ਨਾਰਾਜ਼ ਦਿਖਾਈ ਦਿੱਤੇ। ਸਰਪੰਚਾਂ ਨੇ ਦੱਸਿਆ ਕਿ ਲੋਕਾਂ ਨੂੰ 5-5 ਮਰਲੇ ਦੇਣ ਦੀ ਪ੍ਰਕੀਰਿਆ ਸ਼ੁਰੂ ਕੀਤੀ ਗਈ ਹੈ, ਉਹਨਾਂ ਨੇ ਬੀਡੀਓ ਦਫਤਰਾਂ ਵਿਚ ਅਰਜ਼ੀਆਂ ਜਮ੍ਹਾਂ ਕਰਵਾ ਦਿੱਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹਲਕੇ ਦਾ ਜਿੰਨਾ ਵਿਕਾਸ ਹੋਇਆ ਉਹ ਸਭ ਕਾਂਗਰਸ ਸਰਕਾਰ ਦੀ ਹੀ ਦੇਣ ਹੈ।