'ਝੋਨੇ ਦੀ ਕਟਾਈ ਹੋਣ ਤੋਂ ਪਹਿਲਾਂ ਹੀ ਦਿੱਲੀ AQI 400 ਤਕ ਪਹੁੰਚ ਗਿਆ'
ਚੰਡੀਗੜ੍ਹ: ਦਿੱਲੀ ਵਿਚ ਭਾਰੀ ਪ੍ਰਦੂਸ਼ਣ ਵਿਚਕਾਰ ਇਕ ਨਵੇਂ ਸਿਆਸੀ ਵਿਵਾਦ ਨੂੰ ਜਨਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਪਰਾਲੀ ਸਾੜਨ ਕਾਰਨ ਹੋਣ ਵਾਲਾ ਧੂੰਆਂ ਦਿੱਲੀ ਵਿਚ ਜ਼ਹਿਰੀਲੀ ਹਵਾ ਲਈ ਜ਼ਿੰਮੇਵਾਰ ਨਹੀਂ ਹੈ। ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੌਸਮ ਦੀਆਂ ਸਥਿਤੀਆਂ ਇਸ ਗੱਲ ਨੂੰ ਅਸੰਭਵ ਬਣਾ ਦਿੰਦੀਆਂ ਹਨ ਕਿ ਪੰਜਾਬ ਤੋਂ ਉਠਿਆ ਧੂੰਆਂ ਦਿੱਲੀ ਤਕ ਪਹੁੰਚ ਜਾਵੇ।
ਉਨ੍ਹਾਂ ਕਿਹਾ ਕਿ ਅਜਿਹਾ ਹੋਣ ਲਈ ਹਵਾ ਨੂੰ ਉੱਤਰ ਤੋਂ ਦੱਖਣ ਦਿਸ਼ਾ ਵਲ 30 ਕਿਲੋਮੀਟਰ ਪ੍ਰਤੀ ਘੰਟਾ ਹੀ ਰਫ਼ਤਾਰ ਨਾਲ ਲਗਾਤਾਰ 10 ਦਿਨਾਂ ਤਕ ਚੱਲਣ ਦੀ ਜ਼ਰੂਰਤ ਹੈ, ਜੋ ਸੰਭਵ ਹੀ ਨਹੀਂ। ਉਨ੍ਹਾਂ ਕਿਹਾ, ‘‘ਜੋ ਧੂੰਆਂ ਦਿੱਲੀ ਪਹੁੰਚ ਜਾਂਦਾ ਹੈ ਉਹ ਕਨੌਟ ਪਲੇਸ ਉਪਰ ਹੀ ਰਹਿੰਦਾ ਹੈ। ਕਿੰਨੀ ਮਜ਼ਾਕ ਦੀ ਗੱਲ ਹੈ। ਦਿੱਲੀ ਦੇ ਗੁਆਂਢ ਵਿਚ ਹਰਿਆਣਾ, ਰਾਜਸਥਾਨ ਅਤੇ ਯੂ.ਪੀ. ਹਨ। ਦਿੱਲੀ ਦਾ ਅਪਣਾ ਪ੍ਰਦੂਸ਼ਣ ਵੀ ਹੈ। ਪੰਜਾਬ ਵਿਚ ਝੋਨੇ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ ਵੀ ਦਿੱਲੀ ਦਾ ਏ.ਕਿਊ.ਆਈ. 400 ਤਕ ਪਹੁੰਚ ਗਿਆ ਸੀ। ਪੰਜਾਬ ਦਾ 99% ਝੋਨਾ ਪੂਰੇ ਦੇਸ਼ ਅੰਦਰ ਭੇਜਿਆ ਜਾਂਦਾ ਹੈ। ਪੰਜਾਬ ਦੇ ਲੋਕ ਤਾਂ ਚੌਲ ਖਾਂਦੇ ਵੀ ਨਹੀਂ।’’
