1,35,98000 ਪੇਂਡੂ ਵੋਟਰਾਂ ਲਈ 19174 ਪੋਲਿੰਗ ਬੂਥ ਤਿਆਰ ਕੀਤੇ ਜਾ ਰਹੇ ਹਨ
- 23 ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਬਲਾਕ ਸੰਮਤੀ ਚੋਣਾਂ ਸਬੰਧੀ ਨੋਟੀਫ਼ੀਕੇਸ਼ਨ ਅਗਲੇ ਹਫ਼ਤੇ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਲਗਭਗ ਇਕ ਸਾਲ ਪਹਿਲਾਂ ਪੰਜਾਬ ਦੀਆਂ 13241 ਗ੍ਰਾਮ ਪੰਚਾਇਤਾਂ ਲਈ 95000 ਤੋਂ ਵੱਧ ਪੰਚ ਤੇ ਸਰਪੰਚ ਚੁਣੇ ਜਾਣ ਉਪਰੰਤ ਜੋ 23 ਜ਼ਿਲ੍ਹਾ ਪ੍ਰੀਸ਼ਦਾਂ ਤੇ 159 ਬਲਾਕ ਸੰਮਤੀਆਂ ਦੇ 3000 ਤੋਂ ਵੱਧ ਮੈਂਬਰ ਚੁਣੇ ਜਾਣ ਸਨ, ਦੇ ਲਮਲੇਟ ਹੋਣ ਦੀ ਪ੍ਰਕਿਰਿਆ ਨੂੰ ਖ਼ਤਮ ਕਰ ਕੇ ਰਾਜ ਦੇ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮਹਿਕਮੇ ਨੇ ਸਟੇਟ ਚੋਣ ਕਮਿਸ਼ਨਰ ਨੂੰ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਦੀਆਂ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿਤੀ ਹੈ। ਅਦਾਲਤੀ ਕੇਸਾਂ ਵਿਚ ਉਲਝੀਆਂ ਇਹ ਚੋਣਾਂ ਪਹਿਲਾਂ ਮਈ ਮਹੀਨੇ ਹੋਣੀਆਂ ਸਨ ਅਤੇ ਜੁਲਾਈ, ਅਗੱਸਤ ਤੇ ਸਤੰਬਰ ਦੀਆਂ ਬਾਰਿਸ਼ਾਂ ਕਾਰਨ ਅੱਗੇ ਪੈ ਗਈਆਂ। ਹੁਣ ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਕਰਵਾਉਣੀਆਂ ਤੈਅ ਹੋਈਆਂ ਹਨ। ਰੋਜ਼ਾਨਾ ਸਪੋਕਸਮੈਨ ਨਾਲ ਇਸ ਮੁੱਦੇ ’ਤੇ ਗੱਲਬਾਤ
ਕਰਦੇ ਹੋਏ ਰਾਜ ਦੇ ਚੋਣ ਕਮਿਸ਼ਨਰ ਸੇਵਾ ਮੁਕਤ ਆਈ.ਏ.ਐਸ ਤੇ ਸੀਨੀਅਰ ਅਧਿਕਾਰੀ ਰਾਜ ਕਮਲ ਚੌਧਰੀ ਨੇ ਦਸਿਆ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਉਪਰੰਤ 25, 26 ਨਵੰਬਰ ਮਗਰੋਂ ਚੋਣਾਂ ਬਾਰੇ ਨੋਟੀਫ਼ੀਕੇਸ਼ਨ ਜਾਰੀ ਕਰ ਦਿਤੀ ਜਾਵੇਗੀ।
ਚੋਣ ਕਮਿਸ਼ਨਰ ਨੇ ਦਸਿਆ ਕਿ ਦਿਹਾਤੀ ਵਿਕਾਸ ਤੇ ਗ੍ਰਾਮ ਪੰਚਾਇਤ ਵਿਭਾਗ ਦੀ ਸੂਚਨਾ ਅਲੁਸਾਰ ਵਿਧਾਇਕਾਂ ਦੇ ਕਹਿਣ ਅਤੇ ਲੋੜ ਮੁਤਾਬਕ ਪਿੰਡਾਂ ਤੇ ਚੋਣ ਹਲਕਿਆਂ ਵਿਚ ਕੁੱਝ ਅਦਲਾ ਬਦਲੀ ਕਰ ਕੇ 159 ਬਲਾਕਾਂ ਵਿਚੋਂ 5 ਘੱਟ ਕਰ ਕੇ ਹੁਣ 154 ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣਗੀਆਂ ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ 23 ਹੀ ਰੱਖੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ 23 ਜ਼ਿਲ੍ਹਾ ਪ੍ਰੀਸ਼ਦਾਂ ਦੇ ਕੁਲ 354 ਮੈਂਬਰ ਚੁਣੇ ਜਾਣੇ ਹਨ ਜਦੋਂ ਕਿ 154 ਬਲਾਕ ਸੰਮਤੀਆਂ ਦੇ ਮੈਂਬਰਾਂ ਦੀ ਗਿਣਤੀ 2850 ਜਾਂ 2900 ਦੇ ਕਰੀਬ ਹੋਵੇਗੀ ਜਿਸ ਸਬੰਧੀ ਪੇਂਡੂ ਵਿਕਾਸ ਤੇ ਗ੍ਰਾਮ ਪੰਚਾਇਤੀ ਮਹਿਕਮਾ ਪੂਰੀ ਜਾਣਕਾਰੀ ਦੇਵੇਗਾ।
ਚੋਣਾਂ ਸਬੰਧੀ ਕੀਤੀ ਜਾ ਰਹੀ ਤਿਆਰੀ ਸਬੰਧੀ ਪੁਛੇ ਸਵਾਲਾਂ ਦੇ ਜਵਾਬ ਵਿਚ ਰਾਜ ਕਮਲ ਚੌਧਰੀ ਨੇ ਦਸਿਆ ਕਿ ਤਿਆਰੀ ਪੂਰੀ ਹੈ, 1,35,98000 ਪੇਂਡੂ ਵੋਟਰਾਂ ਲਈ 19174 ਪੋÇਲੰਗ ਬੂਥ ਤਿਆਰ ਕੀਤੇ ਜਾਣਗੇ, ਚੋਣਾਂ ਦੀ ਤਰੀਕ ਧਾਰਕਮ ਤੇ ਸਮਾਜਕ ਤਿਉਹਾਰਾਂ ਸਮੇਤ ਵਿਦਿਆਰਥੀਆਂ ਦੇ ਟੈਸਟ ਅਤੇ ਇਮਤਿਹਾਨਾਂ ਤੋਂ ਪਿਛੋਂ ਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰਾਂ ਦੀ ਚੋਣ ਵਾਸਤੇ ਪੀਲੇ ਰੰਗ ਦੇ ਬੈਲਟ ਪੇਪਰ ਛਪਾਏ ਜਾਣਗੇ ਜਦੋਂ ਕਿ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਦੀਆਂ ਚੋਣਾਂ ਵਾਸਤੇ ਚਿੱਟੇ ਸਫੈਦ ਬੈਲਟ ਪੇਪਰ ਹੀ ਰੱਖੇ ਜਾਣਗੇ। ਸਟੇਟ ਚੋਣ ਕਮਿਸ਼ਨਰ ਨੇ ਦਸਿਆ ਕਿ ਈ.ਵੀ.ਐਮ ਮਸ਼ੀਨਾਂ ਵਰਤਣਾ ਸੰਭਵ ਨਹੀਂ ਹੈ ਕਿਉਂਕਿ ਪੇਂਡੂ ਵੋਟਰ, ਇਕੋ ਵੇਲੇ 2 ਮਸ਼ੀਨਾਂ ਦੇ ਬਟਨ ਦਬਾਉਣ ਵਿਚ ਮੁਹਾਰਤ ਨਹੀਂ ਰਖਦਾ ਅਤੇ 40,000 ਦੇ ਕਰੀਬ ਈ.ਵੀ.ਐਮ ਪ੍ਰਾਪਤ ਕਰਨਾ ਵੀ ਸੰਭਵ ਨਹੀਂ ਹੈ।
ਫ਼ੋਟੋ ਵੀ ਹੈ
ਪੰਜਾਬ ਵਿਚ ਦੋ ਹੋਰ ਜ਼ਿਮਨੀ ਚੋਣਾਂ ਦੇ ਸਕਦੀਆਂ ਹਨ ਦਸਤਕ
ਖਡੁੂਰ ਸਾਹਿਬ ਤੇ ਬੰਗਾ ਹਲਕੇ ਬਾਰੇ ਸਪੀਕਰ ਅਗਲੇ ਦਿਨਾਂ ਵਿਚ ਲੈ ਸਕਦੇ ਹਨ ਕੋਈ ਫ਼ੈਸਲਾ
ਪੰਜਾਬ ਵਿਚ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੀ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀਆਂ। ਹਾਲੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਸੂਬੇ ਵਿਚ ਦੇ ਹੋਰ ਜ਼ਿਮਨੀ ਚੋਣਾਂ ਦਸਤਕ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਇਕ ਹੈ ਵਿਧਾਨ ਸਭਾ ਹਲਕਾ ਖਡੂੁਰ ਸਾਹਿਬ ਅਤੇ ਦੂਜਾ ਬੰਗਾ। ਇਕ ਮਾਝੇ ਵਿਚ ਅਤੇ ਦੂਜਾ ਦੋਆਬੇ ਵਿਚ ਪੈਂਦਾ ਹੈ। ਇਨ੍ਹਾਂ ਦੋਵੇਂ ਸੀਟਾਂ ਬਾਰੇ ਹਾਈ ਕੋਰਟ ਵਿਚ ਜੋ ਸੁਣਵਾਈ ਹੋਈ ਹੈ, ਉਸ ਤੋਂ ਲੱਗ ਰਿਹਾ ਹੈ ਕਿ ਇਨ੍ਹਾਂ ਦੋਵੇਂ ਹਲਕਿਆਂ ਦੀ ਚੋਣ ਲਈ ਰਾਹ ਪੱਧਰਾ ਹੋ ਰਿਹਾ ਹੈ। ਵਰਨਣਯੋਗ ਹੈ ਕਿ ਖਡੂਰ ਸਾਹਿਬ ਹਲਕੇ ਤੋਂ ‘ਆਪ’ ਦੇ ਵਿਧਾਇਕ ਨੂੰ ਚਾਰ ਸਾਲ ਦੀ ਸਜ਼ਾ ਹੋ ਜਾਣ ਕਾਰਨ ਉਹ ਜੇਲ ਵਿਚ ਬੰਦ ਹਨ ਅਤੇ ਨਿਯਮਾਂ ਤੇ ਕਾਨੂੰਨ ਮੁਤਾਬਕ ਚਾਰ ਸਾਲ ਦੀ ਸਜ਼ਾ ਹੋਣ ’ਤੇ ਮੈਂਬਰੀ ਖ਼ਤਮ ਹੀ ਸਮਝੀ ਜਾਂਦੀ ਹੈ। ਭਾਵੇਂ ਹਾਲੇ ਸਪੀਕਰ ਨੇ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੋਣ ਕਾਰਨ ਖਡੂਰ ਸਾਹਿਬ ਹਲਕੇ ਦੇ ਸਜ਼ਾ ਪ੍ਰਾਪਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਬਾਰੇ ਕੋਈ ਫ਼ੈਸਲਾ ਕਰ ਕੇ ਸੀਟ ਖ਼ਾਲੀ ਕਰਾਰ ਨਹੀਂ ਦਿਤੀ ਪਰ ਅੱਜ ਹਾਈ ਕੋਰਟ ਵਿਚ ਉਸ ਦੀ ਸਜ਼ਾ ’ਤੇ ਰੋਕ ਵਾਲੀ ਪਟੀਸ਼ਨ ਰੱਦ ਹੋਣ ਬਾਅਦ ਹੁਣ ਸਪੀਕਰ ਕੋਈ ਫ਼ੈਸਲਾ ਲੈ ਸਕਦੇ ਹਨ। ਇਸੇ ਤਰ੍ਹਾਂ ਬੰਗਾ ਹਲਕੇ ਤੋਂ ਅਕਾਲੀ ਵਿਧਾਇਕ ਸੁਖਵਿੰਦਰ ਸੁੱਖੀ ਕਈ ਮਹੀਨੇ ਪਹਿਲਾਂ ‘ਆਪ’ ਵਿਚ ਸ਼ਾਮਲ ਹੋ ਚੁੱਕੇ ਹਨ ਪਰ ਇਨ੍ਹਾਂ ਬਾਰੇ ਵੀ ਮਾਮਲਾ ਸਪੀਕਰ ਕੋਲ ਵਿਚਾਰ ਅਧੀਨ ਹੈ। ਪਿਛਲੇ ਦਿਨ ਹਾਈ ਕੋਰਟ ਨੇ ਵੀ ਇਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਹਾਲੇ ਤਕ ਕੋਈ ਫ਼ੈਸਲਾ ਨਾ ਹੋਣ ਦੀ ਜਾਣਕਾਰੀ ਮੰਗੀ ਹੈ। ਸਪੀਕਰ ਹਾਈ ਕੋਰਟ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਸੁੱਖੀ ਦੇ ਅਸਤੀਫ਼ੇ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਇਸ ਤਰ੍ਹਾਂ ਇਕ ਵਾਰ ਫਿਰ ਪੰਜਾਬ ਵਿਚ ਜ਼ਿਮਨੀ ਚੋਣ ਦਾ ਸ਼ੋਰ ਦਿਖਾਈ ਦੇ ਸਕਦਾ ਹੈ ਕਿਉਂਕਿ ਹਾਲੇ ਸਰਕਾਰ ਦਾ ਇਕ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ।
