ਅਦਾਲਤ ਦੇ ਅਪਮਾਨ ਮਾਮਲੇ ’ਚ ਕਾਮਰਾ ਅਤੇ ਤਨੇਜਾ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
ਨਵੀਂ ਦਿੱਲੀ, 18 ਦਸੰਬਰ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਅਦਾਲਤ ਖ਼ਿਲਾਫ਼ ਕਥਿਤ ਅਪਮਾਨਜਨਕ ਟਵੀਟ ਦੇ ਮਾਮਲੇ ਵਿਚ ਕਾਮੇਡੀਅਨ ਕੁਣਾਲ ਕਾਮਰਾ ਅਤੇ ਹਾਸਰਸ ਕਲਾਕਾਰ ਰਚਿਤਾ ਤਨੇਜਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ. ਸੁਭਾਸ਼ ਰੈਡੀ ਅਤੇ ਜਸਟਿਸ ਐਮ.ਆਰ. ਸ਼ਾਹ ਦੀ ਬੈਂਚ ਨੇ ਦੋਵਾਂ ਨੂੰ ਵਖਰੇ ਨੋਟਿਸ ਜਾਰੀ ਕਰਦਿਆਂ ਛੇ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿਤੇ ਹਨ। ਹਾਲਾਂਕਿ, ਅਪਮਾਨ ਦੇ ਹੋਰ ਮਾਮਲਿਆਂ ਵਿਚ ਬੈਂਚ ਨੇ ਸੁਣਵਾਈ ਦੌਰਾਨ ਦੋਵਾਂ ਨੂੰ ਪੇਸ਼ ਹੋਣ ਤੋਂ ਛੋਟ ਦਿਤੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਥਿਤ ਅਪਮਾਨਜਨਕ ਟਵੀਟ ਮਾਮਲੇ ਵਿਚ ਕਾਮਰਾ ਅਤੇ ਤਨੇਜਾ ਵਿਰੁਧ ਅਪਮਾਨ ਦੀ ਕਾਰਵਾਈ ਲਈ ਦਾਇਰ ਪਟੀਸ਼ਨਾਂ ’ਤੇ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਅਟਾਰਨੀ ਜਨਰਲ ਕੇ.ਆਰ. ਵੇਣੂਗੋਪਾਲ ਨੇ ਕਾਮਰਾ ਵਿਰੁਧ ਅਪਰਾਧਕ ਅਪਮਾਨ ਦੀ ਕਾਰਵਾਈ ਸ਼ੁਰੂ ਕਰਨ ਲਈ ਸਹਿਮਤ ਦਿੰਦਿਆਂ ਕਿਹਾ ਸੀ ਕਿ ਟਵੀਟ ਖ਼ਰਾਬ ਭਾਵਨਾ ਤਹਿਤ ਕੀਤੇ ਸਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਸਮਝਣ ਕਿ ਸੁਪਰੀਮ ਕੋਰਟ ’ਤੇ ਹਮਲਾ ਕਰਨ ਉੱਤੇ ਅਦਾਲਤ ਅਪਮਾਨ ਅਧਿਨਿਯਮ-1971 ਤਹਿਤ ਸਜ਼ਾ ਹੋ ਸਕਦੀ ਹੈ। ਇਸੇ ਤਰ੍ਹਾਂ ਅਟਾਰਨੀ ਨੇ ਵੀ ਤਨੇਜਾ ਵਿਰੁਧ ਅਪਮਾਨ ਦੀ ਕਾਰਵਾਈ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹੇ ਟਵੀਟ ਸੁਪਰੀਮ ਕੋਰਟ ਨੂੰ ਬਦਨਾਮ ਕਰਨ ਅਤੇ ਨਿਆਂਪਾਲਿਕਾ ਪ੍ਰਤੀ ਲੋਕਾਂ ਦਾ ਭਰੋਸਾ ਘਟਾਉਣ ਲਈ ਕੀਤੇ ਸਨ।
ਜ਼ਿਕਰਯੋਗ ਹੈ ਕਿ ਕਿਸੇ ਵਿਅਕਤੀ ਵਿਰੁਧ ਅਪਮਾਨ ਦੀ ਕਾਰਵਾਈ ਸ਼ੁਰੂ ਕਰਨ ਲਈ ਅਦਾਲਤ ਨੂੰ ਅਪਮਾਨ ਅਧਿਨਿਯਮ 1977 ਦੀ ਧਾਰਾ 15 ਅਧੀਨ ਅਟਾਰਨੀ ਜਨਰਲ ਜਾਂ ਸਾਲਿਸਿਟਰ ਜਨਰਲ ਦੀ ਸਹਿਮਤੀ ਲੈਣੀ ਹੁੰਦੀ ਹੈ। (ਪੀਟੀਆਈ)