
ਕਿਸਾਨ ਧਰਨੇ ਦੌਰਾਨ ਯੂਨਾਇਟਡ ਸਿੱਖਜ਼ ਕੋਲ 500 ਤੋਂ ਵੱਧ ਯੂਨਿਟ ਖ਼ੂਨ ਹੋਇਆ ਇਕੱਠਾ
ਨਵੀਂ ਦਿੱਲੀ, 18 ਦਸੰਬਰ (ਅਰਪਣ ਕੌਰ) : ਜਿੱਥੇ ਦਿੱਲੀ ਵਿਚ ਕਿਸਾਨ ਅਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਥੇ ਹੀ ਵੱਖ-ਵੱਖ ਸੰਸਥਾਵਾਂ ਸੇਵਾ ਕਰ ਰਹੀਆਂ ਹਨ। ਕੋਈ ਲੰਗਰ ਲਾ ਰਿਹਾ ਹੈ, ਕੋਈ ਮੈਡੀਕਲ ਸੇਵਾ ਕਰ ਰਿਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਹਨ, ਜਿਸ ਕੋਲੋਂ ਜਿੰਨੀ ਸੇਵਾ ਸਰਦੀ ਹੈ ਉਹ ਅਪਣਾ ਯੋਗਦਾਨ ਪਾ ਰਿਹਾ ਹੈ। ਪਰ ਦਿੱਲੀ ਸੰਘਰਸ਼ ਵਿਚ ਅਨੌਖੀ ਤਰ੍ਹਾਂ ਦੀ ਸੇਵਾ ਵੇਖਣ ਨੂੰ ਮਿਲੀ, ਯੂਨਾਇਟਡ ਸਿੱਖਸ ਨੇ ਬਲੱਡ ਦਾਨ ਕਰਨ ਦਾ ਕੈਂਪ ਲਗਾਇਆ ਹੈ ਜਿਥੇ ਕਿਸਾਨ ਵੱਧ ਚੜ ਕੇ ਅਪਣਾ ਖ਼ੂਨ ਦਾਨ ਕਰ ਰਹੇ ਹਨ। ਸਪੋਕਸਮੈਨ ਦੀ ਪੱਤਰਕਾਰ ਨੇ ਉਥੇ ਖ਼ੂਨ ਦਾਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਦਸਿਆ ਕਿ ਅਸੀ ਪੰਜਾਬ ਤੋਂ ਆਏ ਹਾਂ ਅਸੀਂ ਪੰਜਾਬੀ ਹਾਂ, ਸਾਡਾ ਖ਼ੂਨ ਬਹੁਤ ਲੋਕ ਭਾਵਨਾ ਵਾਲਾ ਹੈ। ਅਸੀ ਇਸ ਲਈ ਖ਼ੂਨ ਦਾਨ ਕਰ ਰਹੇ ਹਾਂ ਕਿ ਸਾਡਾ ਖ਼ੂਨ ਦੂਜੇ ਲੋਕਾਂ ਵਿਚ ਜਾਵੇ, ਅਤੇ ਉਸ ਦਾ ਖ਼ੂਨ ਵੀ ਸਿੱਖੀ ਸਰੂਪ ਵਾਲਾ ਹੋਵੇ, ਉਸ ਦਾ ਖ਼ੂਨ ਵੀ ਸੇਵਾ ਭਾਵਨਾ ਵਾਲਾ ਹੋ ਜਾਵੇ। ਉਨ੍ਹਾਂ ਕਿਹਾ ਕਿ ਅਸੀ ਲੋਕ ਸੇਵਾ ਕਰਨੀ ਹੈ, ਪਹਿਲਾਂ ਵੀ ਬਹੁਤ ਵਾਰ ਲੋਕ ਸੇਵਾ ਕਰ ਚੁੱਕੇ ਹਨ, ਪਹਿਲਾਂ ਵੀ ਬਹੁਤ ਵਾਰ ਖ਼ੂਨ ਦਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡਾ ਖ਼ੂਨ ਜੋਸ਼ ਵਾਲਾ ਹੈ, ਸਾਡਾ ਖ਼ੂਨ ਅੱਗੇ ਜਿਸ ਨੂੰ ਵੀ ਚੜ੍ਹੇ ਉਸ ਦੀ ਖ਼ੂਨ ਵੀ ਜੋਸ਼ ਵਾਲਾ ਹੋਵੇ, ਉਹ ਵੀ ਲੋਕ ਭਲਾਈ ਦੇ ਕੰਮ ਕਰਨ।